ਬੱਪੀ ਨੇ ਤਿੰਨ ਸਾਲ ਦੀ ਉਮਰ ‘ਚ ਸਿੱਖਿਆ ਸੀ ਤਬਲਾ, ਦੇਸ਼ ਨੂੰ ਡਿਸਕੋ ਨਾਲ ਕਰਾਇਆ ਰੂ-ਬ-ਰੂ

ਲੰਘੀ 16 ਫਰਵਰੀ ਨੂੰ ਇੱਕ ਅਜਿਹੀ ਖ਼ਬਰ ਆਈ ਜਿਸ ਨੇ ਹਰ ਕਿਸੇ ਨੂੰ ਸਦਮਾ ਦਿੱਤਾ। ਖ਼ਬਰ ਹੈ ਕਿ 80 ਅਤੇ 90 ਦੇ ਦਹਾਕੇ ‘ਚ ਭਾਰਤ ‘ਚ ਡਿਸਕੋ ਸੰਗੀਤ ਨੂੰ ਲੋਕਪ੍ਰਿਅ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬੱਪੀ ਲਹਿਰੀ ਨੇ 69 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ।
ਹਸਪਤਾਲ ਦੇ ਨਿਰਦੇਸ਼ਕ ਡਾਕਟਰ ਦੀਪਕ ਨਾਮਜੋਸ਼ੀ ਨੇ ਦੱਸਿਆ ਕਿ ਲਹਿਰੀ ਨੂੰ ਇੱਕ ਮਹੀਨੇ ਤੋਂ ਹਸਪਤਾਲ ‘ਚ ਦਾਖਲ ਸੀ ਅਤੇ ਬਾਅਦ ‘ਚ ਉਹਨਾਂ ਨੂੰ ਪਿੱਛਲੇ ਹਫ਼ਤੇ ਸੋਮਵਾਰ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਮੰਗਲਵਾਰ ਨੂੰ ਉਹਨਾਂ ਦੀ ਤਬੀਅਤ ਵਿਗੜ ਗਈ ਅਤੇ ਉਹਨਾਂ ਦੇ ਪਰਿਵਾਰ ਨੇ ਇੱਕ ਡਾਕਟਰ ਨੂੰ ਘਰ ਬੁਲਾਇਆ। ਉਹਨਾਂ ਨੂੰ ਮੁੜ ਹਸਪਤਾਲ ਲਿਜਾਇਆ ਗਿਆ। ਉਹਨਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਸਨ। ਅੱਧੀ ਰਾਤ ਤੋਂ ਕੁੱਝ ਸਮਾਂ ਪਹਿਲਾਂ OSA (ਔਬਸਟ੍ਰਕਟਿਵ ਸਲੀਪ ਐਪਨੀਆ) ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਫ਼ਿਲਮ ਜਗਤ ‘ਚ ਸੋਗ ਦੀ ਲਹਿਰ ਹੈ।
ਇੱਥੇ ਦੱਸ ਦਈਏ ਕਿ OSA ਮਤਲਬ ਨੀਂਦ ਨਾ ਪੂਰੀ ਹੋਣ ਕਰ ਕੇ ਹੋਣ ਵਾਲੀ ਇੱਕ ਬੀਮਾਰੀ ਹੈ। ਇਸ ‘ਚ ਨੀਂਦ ਦੌਰਾਨ ਸਾਹ ਲੈਣ ‘ਚ ਬਾਰ-ਬਾਰ ਰੁਕਾਵਟ ਆਉਂਦੀ ਹੈ। ਇਸ ਕਾਰਨ ਨਾ ਸਿਰਫ ਵਜ਼ਨ ਵਧਦਾ ਹੈ ਸਗੋਂ ਖ਼ੂਨ ‘ਚ ਔਕਸੀਜਨ ਦਾ ਪੱਧਰ ਵੀ ਘੱਟ ਜਾਂਦਾ ਹੈ। ਇਸੇ ਤਕਲੀਫ ਕਾਰਨ ਬੱਪੀ ਦੀ ਮੌਤ ਹੋ ਗਈ। ਬੱਪੀ ਲਹਿਰੀ ਨੂੰ ਲੋਕ ਪਿਆਰ ਨਾਲ ਬੱਪੀ ਦਾ ਬੁਲਾਉਂਦੇ ਸਨ। ਬੱਪੀ ਦਾ ਜਨਮ 27 ਨਵੰਬਰ 1952 ਨੂੰ ਕੋਲਕਾਤਾ ‘ਚ ਹੋਇਆ ਸੀ। ਉਹਨਾਂ ਦਾ ਅਸਲੀ ਨਾਮ ਆਲੋਕੇਸ਼ ਲਹਿਰੀ ਸੀ।
ਉਹਨਾਂ ਨੇ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਦੇਖ ਕੇ ਪਿਤਾ ਅਪਰੇਸ਼ ਲਹਿਰੀ ਨੇ ਉਹਨਾਂ ਨੂੰ ਹੋਰ ਵੀ ਗੁਣ ਸਿਖਾਏ। ਬੌਲੀਵੁਡ ਇੰਡਸਟਰੀ ਨੂੰ ਬੱਪੀ ਨੇ ਇੱਕ ਨਵਾਂ ਮਿਊਜ਼ਿਕ ਦਿੱਤਾ। ਉਹਨਾਂ ਨੇ ਹਿੰਦੀ ਸਿਨੇਮਾ ਨੂੰ ਰੌਕ ਅਤੇ ਡਿਸਕੋ ਮਿਊਜ਼ਿਕ ਨਾਲ ਰੂਬਰੂ ਕਰਾਇਆ ਸੀ। 70-80 ਦੇ ਦਹਾਕੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦੇ ਗੀਤਾਂ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਬੱਪੀ ਦਾ ਨੇ ਸਾਲ 1977 ‘ਚ ਚਿਤਰਾਨੀ ਨਾਲ ਵਿਆਹ ਕੀਤਾ।
ਬੱਪੀ ਲਹਿਰੀ ਮਸ਼ਹੂਰ ਗੀਤਕਾਰ ਐੱਸ.ਡੀ.ਬਰਮਨ ਤੋਂ ਪ੍ਰੇਰਿਤ ਸਨ ਅਤੇ 17 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਸੰਗੀਤਕਾਰ ਬਣਨ ਦਾ ਫ਼ੈਸਲਾ ਲਿਆ ਸੀ। ਉਹ ਬਰਮਨ ਦੇ ਗੀਤ ਸੁਣਦੇ ਅਤੇ ਰਿਆਜ਼ ਕਰਦੇ ਸਨ। ਬਤੌਰ ਸੰਗੀਤਕਾਰ ਬੱਪੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲ 1972 ‘ਚ ਰਿਲੀਜ਼ ਬੰਗਲਾ ਫ਼ਿਲਮ ਦਾਦੂ ਤੋਂ ਕੀਤੀ।
ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਜਿਸ ਲਈ ਉਹਨਾਂ ਨੇ ਸੰਗੀਤ ਤਿਆਰ ਕੀਤਾ ਉਹ ਨਨ੍ਹਾ ਸ਼ਿਕਾਰੀ (1973) ਸੀ। ਜਿਹੜੀ ਫਿਲਮ ਨੇ ਉਹਨਾਂ ਨੂੰ ਬੌਲੀਵੁਡ ‘ਚ ਸਥਾਪਿਤ ਕੀਤਾ, ਉਹ ਤਾਹਿਰ ਹੁਸੈਨ ਦੀ ਹਿੰਦੀ ਫਿਲਮ ਜ਼ਖ਼ਮੀ (1975) ਸੀ ਜਿਸ ਲਈ ਉਹਨਾਂ ਨੇ ਸੰਗੀਤ ਤਿਆਰ ਕੀਤਾ ਅਤੇ ਇੱਕ ਪਲੇਬੈਕ ਗਾਇਕ ਦੇ ਤੌਰ ‘ਤੇ ਪਛਾਣ ਬਣਾਈ।