ਬੌਬੀ ਦਿਓਲ ਨੂੰ ਲੈ ਕੇ ਸ਼ਾਹਰੁਖ਼ ਬਣਾ ਰਿਹੈ ਲਵ ਹੋਸਟਲ

ਬੌਲੀਵੁਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਪਠਾਨ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਹੈ। ਅਦਾਕਾਰ ਪਿਛਲੇ ਕੁੱਝ ਸਾਲਾਂ ਤੋਂ ਜ਼ਿਆਦਾ ਫ਼ਿਲਮਾਂ ‘ਚ ਨਜ਼ਰ ਨਹੀਂ ਆਏ। ਪਿਛਲੇ ਪੰਜ ਸਾਲਾਂ ‘ਚ ਸ਼ਾਹਰੁਖ਼ ਨੇ ਸਿਰਫ਼ 1-2 ਫ਼ਿਲਮਾਂ ਕੀਤੀਆਂ ਹਨ।
ਹੁਣ ਪਠਾਨ ਫ਼ਿਲਮ ਨਾਲ ਇੱਕ ਵਾਰ ਸ਼ਾਹਰੁਖ਼ ਮੁੜ ਦਮਦਾਰ ਵਾਪਸੀ ਕਰਨ ਲਈ ਤਿਆਰ ਹਨ। ਹਾਲਾਂਕਿ ਫ਼ਿਲਮ ਦੀ ਰਿਲੀਜ਼ ਲਈ ਪ੍ਰਸ਼ੰਸਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਇੱਕ ਸ਼ਾਨਦਾਰ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਨਾਂ ਹੈ ਲਵ ਹੋਸਟਲ।
ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬੌਬੀ ਦਿਓਲ ਦੇ ਅਭਿਨੈ ਵਾਲੀ ਫ਼ਿਲਮੀ ਲਵ ਹੋਸਟਲ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਖ਼ੁਦ ਸ਼ਾਹਰੁਖ ਖ਼ਾਨ ਨੇ ਇਨਸਟਾਗ੍ਰੈਮ ‘ਤੇ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ। ਟਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਕਰਾਂਤ ਮੈਸੀ ਅਤੇ ਸਾਨਿਆ ਮਲਹੋਤਰਾ ਰੋਮੈਂਟਿਕ ਸੀਨਜ਼ ਕਰਦੇ ਨਜ਼ਰ ਆ ਰਹੇ ਹਨ।
ਅਸਲ ‘ਚ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਪਿੰਡ ਦੀ ਹੈ ਜਿਥੇ ਪਿਆਰ ਕਰਨਾ ਗ਼ੁਨਾਹ ਹੈ। ਅਜਿਹੇ ਹੀ ਇੱਕ ਪਿੰਡ ‘ਚ ਦੋ ਦਿਲ ਮਿਲ ਜਾਂਦੇ ਹਨ ਅਤੇ ਫ਼ਿਰ ਸ਼ੁਰੂ ਹੁੰਦਾ ਹੈ ਹੰਗਾਮਾ। ਫ਼ਿਲਮ ਦਾ ਟਰੇਲਰ ਦੇਖਣ ‘ਚ ਸ਼ਾਨਦਾਰ ਲੱਗ ਰਿਹਾ ਹੈ। ਅਜਿਹੇ ‘ਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਫ਼ਿਲਮ ਪ੍ਰਸ਼ੰਸਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ।