ਚੋਣ ਪ੍ਰਚਾਰ ਤੋਂ ਸੁਰਖਰੂ ਹੋਏ ਚੰਨੀ ਨੇ ਰੇਹੜੀ ਤੋਂ ਖਾਧੇ ਗੋਲ-ਗੱਪੇ ਤੇ ਕਰਵਾਈਆਂ ਸੈਲਫੀਆਂ

ਭਵਾਨੀਗੜ੍ਹ : ਚੋਣਾਂ ਦੇ ਮੌਸਮ ‘ਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਮਾਨਸਾ ‘ਚ ਪਾਰਟੀ ਉਮੀਦਵਾਰ ਦੇ ਹੱਕ ‘ਚ ਆਖਰੀ ਗੇੜ ਦਾ ਚੋਣ ਪ੍ਰਚਾਰ ਮੁਕੰਮਲ ਕਰਨ ਤੋਂ ਬਾਅਦ ਚਮਕੌਰ ਸਾਹਿਬ ਜਾਂਦੇ ਸਮੇਂ ਮੁੱਖ ਮੰਤਰੀ ਚੰਨੀ ਦੇਰ ਸ਼ਾਮ ਭਵਾਨੀਗੜ੍ਹ ‘ਚ ਟਰੱਕ ਯੂਨੀਅਨ ਨੇੜੇ ਹਾਈਵੇ ਕਿਨਾਰੇ ਲੱਗੀ ਰੇਹੜੀ ’ਤੇ ਖੜ ਕੇ ਗੋਲਗੱਪੇ-ਦਹੀ ਭੱਲੇ ਖਾਂਦੇ ਦਿਖਾਈ ਦਿੱਤੇ ਤੇ ਇੱਕ ਫੜੀ ਵਾਲੇ ਕੋਲੋਂ ਕੇਲੇ ਵੀ ਖਰੀਦੇ। ਇਸ ਦੌਰਾਨ ਚੰਨੀ ਦੇ ਨਾਲ ਮੌਜੂਦ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਸਮੇਤ ਹੋਰ ਲੋਕਾਂ ਨੇ ਵੀ ਉਨ੍ਹਾਂ ਨਾਲ ਗੋਲ ਗੱਪਿਆਂ ਦਾ ਸੁਆਦ ਚੱਖਿਆ। ਇਸ ਦੌਰਾਨ ਚੰਨੀ ਆਪਣੇ ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਦੇ ਕਾਰਨ ਹਾਈਵੇਅ ’ਤੇ ਜਾਮ ਨਾ ਲੱਗਣ ਦੀ ਹਦਾਇਤ ਵੀ ਕਰਦੇ ਰਹੇ।
ਦਿਲਚਸਪ ਗੱਲ ਇਹ ਰਹੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਗੋਲ ਗੱਪੇ ਦੀ ਰੇਹੜੀ ਵਾਲੇ ਪ੍ਰਵਾਸੀ ਨੇ ਨਹੀਂ ਪਛਾਣਿਆ ਤਾਂ ਨਾਲ ਦੇ ਲੋਕਾਂ ਨੇ ਉਸਨੂੰ ਦੱਸਿਆ ਕਿ ਮੁੱਖ ਮੰਤਰੀ ਚੰਨੀ ਉਸਦੀ ਰੇਹੜੀ ‘ਤੇ ਗੋਲ ਗੱਪੇ ਖਾਣ ਆਏ ਹਨ। ਗੋਲ ਗੱਪੇ ਖਾਣ ਤੋਂ ਬਾਅਦ ਚੰਨੀ ਨੇ ਦਹੀਂ ਭੱਲੇ ਦਾ ਸਵਾਦ ਵੀ ਲਿਆ ਤੇ ਨਾਲ ਦੀ ਰੇਹੜੀ ਵਾਲੇ ਤੋਂ ਦਰਜਨ ਕੇਲੇ ਵੀ ਖਰੀਦੇ। ਗੋਲ ਗੱਪੇ ਵੇਚਣ ਵਾਲੇ ਰਾਜੂ ਤੇ ਰੇਹੜੀ ਦੇ ਮਾਲਕ ਦੁਰਜਨ ਸਿੰਘ ਨੇ ਦੱਸਿਆ ਹਨੇਰੇ ’ਚ ਸੱਚਮੁੱਚ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਨੂੰ ਨਹੀਂ ਪਛਾਣਿਆ ਪਰ ਦੱਸਣ ’ਤੇ ਜ਼ਰੂਰ ਮੁੱਖ ਮੰਤਰੀ ਚੰਨੀ ਨੂੰ ਪਛਾਣ ਲਿਆ। ਦੁਰਜਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਚੰਨੀ ਗੋਲ ਗੱਪੇ ਖਾਣ ਤੋਂ ਬਾਅਦ ਉਸਨੂੰ 500 ਰੁਪਏ ਦੇ ਕੇ ਗਏ। ਲੋਕਾਂ ਨੇ ਇਸ ਦੌਰਾਨ ਮੁੱਖ ਮੰਤਰੀ ਨਾਲ ਸੈਲਫੀਆਂ ਵੀ ਖਿੱਚਵਾਈਆਂ।