ਰਾਸ਼ਟਰਮੰਡਲ ਖੇਡਾਂ ‘ਚ ਹੁਣ ਖੇਡਿਆ ਜਾਵੇਗਾ ਕ੍ਰਿਕਟ, ਭਾਰਤ ਸਮੇਤ ਅੱਠ ਟੀਮਾਂ ਲੈਣਗੀਆਂ ਹਿੱਸਾ

ਦੁਬਈ – ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸਾਰੇ ਪ੍ਰਤਿਭਾਗੀਆਂ ਦਾ ਐਲਾਨ ਕਰਨ ਵਾਲਾ ਕ੍ਰਿਕਟ ਪਹਿਲਾ ਖੇਡ ਬਣ ਗਿਆ ਹੈ ਜਿਸ ‘ਚ ਮਹਿਲਾ T-20 ਟੂਰਨਾਮੈਂਟ ‘ਚ ਸ਼੍ਰੀ ਲੰਕਾ 8ਵੀਂ ਟੀਮ ਹੋਵੇਗੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅਤੇ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਕੁਆਲਾਲਮਪੁਰ ‘ਚ ਪਿਛਲੇ ਹਫ਼ਤੇ ਰਾਸ਼ਟਰਮੰਡਲ ਖੇਡ ਕੁਆਲੀਫ਼ਾਇਰ ‘ਚ ਸ਼੍ਰੀ ਲੰਕਾ ਦੀ ਜਿੱਤ ਤੋਂ ਬਾਅਦ ਇਸ ਦਾ ਐਲਾਨ ਕੀਤਾ।
ਆਸਟਰੇਲੀਆ, ਬਾਰਬੇਡੋਜ਼, ਇੰਗਲੈਂਡ, ਭਾਰਤ, ਨਿਊ ਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਪਾਕਿਸਤਾਨ ਪਹਿਲਾਂ ਹੀ ਕੁਆਲੀਫ਼ਾਈ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 1998 ‘ਚ ਇੱਕ ਵਾਰ ਪੁਰਸ਼ ਕ੍ਰਿਕਟ ਇੰਨਾਂ ਖੇਡਾਂ ਦਾ ਹਿੱਸਾ ਬਣਿਆ ਸੀ। ਉਸ ਸਮੇਂ ਸ਼ਾਨ ਪੋਲੌਕ ਦੀ ਕਪਤਾਨੀ ਵਾਲੀ ਦੱਖਣੀ ਅਫ਼ਰੀਕਾ ਟੀਮ ਨੇ ਸਟੀਵ ਵਾਅ ਦੀ ਆਸਟਰੇਲੀਆਈ ਟੀਮ ਨੂੰ ਫ਼ਾਈਨਲ ‘ਚ ਚਾਰ ਵਿਕਟਾਂ ਨਾਲ ਹਰਾਇਆ ਸੀ। ਇਸ ਵਾਰ ਲੀਗ ਸਹਿ ਨਾਕਆਊਟ ਟੂਰਨਾਮੈਂਟ 29 ਜੁਲਾਈ ਨੂੰ ਆਸਟਰੇਲੀਆ ਅਤੇ ਭਾਰਤ ‘ਚ ਮੈਚ ਤੋਂ ਸ਼ੁਰੂ ਹੋਵੇਗਾ।
ਫ਼ਾਈਨਲ 7 ਅਗਸਤ ਨੂੰ ਖੇਡਿਆ ਜਾਵੇਗਾ। ਬਾਰਬੇਡੋਜ਼, ਪਾਕਿਸਤਾਨ, ਆਸਟਰੇਲੀਆ ਅਤੇ ਭਾਰਤ ਗਰੁੱਪ-A ‘ਚ ਹਨ ਜਦਕਿ ਇੰਗਲੈਂਡ, ਨਿਊ ਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਸ਼੍ਰੀ ਲੰਕਾ ਗਰੁੱਪ-B ‘ਚ ਹਨ। ICC, CGF ਅਤੇ ਰਾਸ਼ਟਰਮੰਡਲ ਖੇਡ ਸ਼੍ਰੀ ਲੰਕਾ ਨੇ ਸ਼੍ਰੀ ਲੰਕਾਈ ਟੀਮ ਨੂੰ ਕੁਆਲੀਫ਼ਾਈ ਕਰਨ ‘ਤੇ ਵਧਾਈ ਦਿੱਤੀ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤਕ ਖੇਡੀਆਂ ਜਾਣਗੀਆਂ ਜਿਨ੍ਹਾਂ ‘ਚ 72 ਦੇਸ਼ਾਂ ਦੇ 4,500 ਖਿਡਾਰੀ ਹਿੱਸਾ ਲੈਣਗੇ।