ਅਜੀਹੀਆਂ ਖ਼ਬਰਾਂ ਹਨ ਕਿ ਜੈਕਲੀਨ ਫ਼ਰਨਾਂਡੀਜ਼ ਹੁਣ ਨਾਗਾਰਜੁਨ ਅਕੀਨੇਨੀ ਦੀ ਫ਼ਿਲਮ ਦਾ ਘੋਸਟ ਦਾ ਹਿੱਸਾ ਨਹੀਂ ਰਹੀ। ਇਨ੍ਹੀਂ ਦਿਨੀਂ ਹਰ ਕੋਈ ਇਸ ਫ਼ਿਲਮ ਦਾ ਹਿੱਸਾ ਨਾ ਹੋਣ ਦੇ ਵੱਖ-ਵੱਖ ਕਾਰਨਾਂ ਬਾਰੇ ਅੰਦਾਜ਼ਾ ਲਗਾ ਰਿਹਾ ਹੈ ਕਿਉਂਕਿ ਇਸ ਦੇ ਪਿੱਛੇ ਦੀ ਸੱਚਾਈ ਬਾਰੇ ਕੋਈ ਨਹੀਂ ਜਾਣਦਾ।
ਹਾਲਾਂਕਿ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੈਕਲੀਨ ਪਿਛਲੇ ਸਾਲ ਇਸ ਪ੍ਰੌਜੈਕਟ ਨੂੰ ਲੈ ਕੇ ਗੱਲਬਾਤ ਕਰ ਰਹੀ ਸੀ, ਪਰ ਉਸ ਨੇ ਇਸ ਦਾ ਹਿੱਸਾ ਨਾ ਬਣਨ ਦਾ ਫ਼ੈਸਲਾ ਕੀਤਾ ਕਿਉਂਕਿ ਫ਼ਿਲਮ ਦੇ ਸਕੈਜੂਅਲ ਲਈ ਲੋੜੀਂਦੀਆਂ ਤਾਰੀਖ਼ਾਂ ਜੈਕੀ ਕੋਲ ਉਪਲਬਧ ਨਹੀਂ ਸਨ।
ਪਿਛਲੇ ਸਾਲ ਨਵੰਬਰ ‘ਚ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਨਿਰਮਾਤਾ ਤੇ ਜੈਕਲੀਨ ਦੋਹਾਂ ਨੇ ਸ਼ਾਂਤੀ ਨਾਲ ਆਪਣੇ ਅਗਲੇ ਪ੍ਰੌਜੈਕਟ ‘ਤੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਸੀ। ਫ਼ਿਲਹਾਲ ਜੈਕਲੀਨ ਰਾਮ ਸੇਤੂ, ਬੱਚਨ ਪਾਂਡੇ, ਅਟੈਕ ਅਤੇ ਸਰਕਸ ‘ਚ ਨਜ਼ਰ ਆਵੇਗੀ।
ਦੱਸ ਦੇਈਏ ਕਿ ਜੈਕਲੀਨ ਇਨ੍ਹੀਂ ਦਿਨੀਂ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਨਿੱਜੀ ਤਸਵੀਰਾਂ ਵਾਇਰਲ ਹੋਣ ਕਰ ਕੇ ਵੀ ਵਿਵਾਦਾਂ ‘ਚ ਘਿਰੀ ਹੋਈ ਹੈ। ਇਸ ਸਬੰਧੀ ਜੈਕਲੀਨ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਜਿਸ ‘ਚ ਉਸ ਨੇ ਲਿਖਿਆ ਸੀ ਕਿ ਮੀਡੀਆ ਉਸ ਦੀਆਂ ਨਿੱਜੀ ਤਸਵੀਰਾਂ ਨੂੰ ਪੋਸਟ ਨਾ ਕਰੇ।
ਸੁਨੀਲ ਸ਼ੈੱਟੀ ਬਣੇਗਾ ਅੰਡਰਵਰਲਡ ਡੌਨ
ਸੁਨੀਲ ਸ਼ੈੱਟੀ OTT ਦੀ ਦੁਨੀਆ ‘ਚ ਕਦਮ ਰੱਖਣ ਲਈ ਤਿਆਰ ਹੈ। 90 ਦੇ ਦਹਾਕੇ ਦੇ ਕਈ ਮਸ਼ਹੂਰ ਸਿਤਾਰੇ ਇਸ ਮਾਧਿਅਮ ‘ਤੇ ਕੰਮ ਕਰਨ ‘ਚ ਦਿਲਚਸਪੀ ਦਿਖਾ ਰਹੇ ਹਨ। ਰਵੀਨਾ ਟੰਡਨ ਨੇ ਵੈੱਬ ਸੀਰੀਜ਼ ਆਰਣਯਕ ਅਤੇ ਸੁਸ਼ਮਿਤਾ ਸੇਨ ਨੇ ਆਰਿਆ ਨਾਲ ਡਿਜੀਟਲ ਮਾਧਿਅਮਾਂ ਦੇ ਸੰਸਾਰ ‘ਚ ਕਦਮ ਰੱਖਿਆ ਸੀ।
ਹੁਣ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਵੀ ਆਪਣਾ OTT ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ। ਸੁਨੀਲ ਸ਼ੈੱਟੀ ਜਲਦ ਹੀ ਨੈੱਟਫ਼ਲਿਕਸ ਦੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗਾ। Netflix ਨੇ ਸੁਨੀਲ ਸ਼ੈੱਟੀ ਨੂੰ ਇੱਕ ਵੱਡੇ ਪ੍ਰੌਜੈਕਟ ਦੀ ਪੇਸ਼ਕਸ਼ ਕੀਤੀ ਹੈ ਅਤੇ ਅਦਾਕਾਰ ਇਸ ਸਬੰਧੀ ਗੱਲਬਾਤ ਕਰ ਰਿਹਾ ਹੈ। Netflix ਦੀ ਇਹ ਵੈੱਬ ਸੀਰੀਜ਼ ਹੁਣ ਤਕ ਦੀ ਸਭ ਤੋਂ ਵੱਡੀ ਵੈੱਬ ਸੀਰੀਜ਼ ਹੋਣ ਜਾ ਰਹੀ ਹੈ।
1960-80 ਦੇ ਦਰਮਿਆਨ ਮੁੰਬਈ ਦੇ ਇੱਕ ਅੰਡਰਵਰਲਡ ਡੌਨ ਦੀ ਕਹਾਣੀ ਦਿਖਾਈ ਜਾਵੇਗੀ। ਇਸ ਵੈੱਬ ਸੀਰੀਜ਼ ‘ਚ ਸੁਨੀਲ ਸ਼ੈੱਟੀ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਉਹ ਮਾਫ਼ੀਆ ਬੌਸ ਵਰਧਾ ਦੀ ਭੂਮਿਕਾ ਨਿਭਾਏਗਾ। ਹਾਜੀ ਮਸਤਾਨ ਅਤੇ ਕਰੀਮ ਲਾਲਾ ਦੀ ਭੂਮਿਕਾ ‘ਚ ਉਸ ਨਾਲ ਦੋ ਹੋਰ ਸਿਤਾਰੇ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਹਾਂ ਦੀ ਭੂਮਿਕਾ ਕਿਸ ਅਦਾਕਾਰ ਨੂੰ ਔਫ਼ਰ ਹੁੰਦੀ ਹੈ।
ਸੁਨੀਲ ਸ਼ੈੱਟੀ ਪਿਛਲੇ ਕੁੱਝ ਸਮੇਂ ਤੋਂ OTT ਦੀ ਦੁਨੀਆਂ ‘ਚ ਆਉਣ ਦੀ ਯੋਜਨਾ ਬਣਾ ਰਹੇ ਸਨ। ਜਦੋਂ ਨੈੱਟਫ਼ਲਿਕਸ ਨੇ ਉਸ ਨੂੰ ਇਹ ਪੇਸ਼ਕਸ਼ ਕੀਤੀ ਤਾਂ ਸੁਨੀਲ ਇਸ ਤੋਂ ਇਨਕਾਰ ਨਹੀਂ ਕਰ ਸਕੇ। ਸੁਨੀਲ ਸ਼ੈੱਟੀ ਆਪਣੀ ਫ਼ਿਟਨੈੱਸ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹਨ। ਉਹ ਅਕਸਰ ਆਪਣੇ ਵਰਕਆਊਟ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।












