ਪੂਜਾ ਹੇਗੜੇ ਦੀਆਂ 2022 ‘ਚ ਆਉਣਗੀਆਂ ਚਾਰ ਫ਼ਿਲਮਾਂ

ਅਦਾਕਾਰਾ ਪੂਜਾ ਹੇਗੜੇ ਸਾਲ 2022 ‘ਚ ਵੱਡੇ ਬਜਟ ਦੀਆਂ ਫ਼ਿਲਮਾਂ ਨਾਲ ਆਪਣਾ ਜਾਦੂ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੇ ਸਮੇਂ ‘ਚ ਅਦਾਕਾਰਾ ਦੀਆਂ ਚਾਰ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਇਸ ਸਾਲ ਪੂਜਾ ਫ਼ਿਲਮਾਂ ‘ਚ ਕੁੱਝ ਵੱਖਰੇ ਅਤੇ ਦਿਲਚਸਪ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਆਉਣ ਵਾਲੀਆਂ ਫ਼ਿਲਮਾਂ ‘ਚ ‘ਰਾਧੇ ਸ਼ਿਆਮ, ਸਰਕਸ, ਆਚਾਰੀਆ ਅਤੇ ਬੀਸਟ ਸ਼ਾਮਿਲ ਹਨ। ਫ਼ਿਲਮ ਰਾਧੇ ਸ਼ਿਆਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫ਼ਿਲਮ ‘ਚ ਪੂਜਾ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਕਿਸਮਤ ਖ਼ਿਲਾਫ਼ ਖੜ੍ਹੀ ਹੁੰਦੀ ਹੈ। ਇਸ ਤੋਂ ਇਲਾਵਾ ਪੂਜਾ ਹੇਗੜੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ ਕਾਮੇਡੀ ਫ਼ਿਲਮ ਸਰਕਸ ਦਾ ਵੀ ਹਿੱਸਾ ਹੈ। ਇਸ ਫ਼ਿਲਮ ‘ਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ਆਚਾਰੀਆ ‘ਚ ਪੂਜਾ ਨੀਲਾਂਬਰੀ ਨਾਂ ਦੀ ਇੱਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਉਹ ਵਿਜੇ ਥਲਾਪਤੀ ਦੀ ਫ਼ਿਲਮ ਬੀਸਟ ਨਾਲ ਤਾਮਿਲ ਸਿਨੇਮਾ ‘ਚ ਵਾਪਸੀ ਕਰ ਰਹੀ ਹੈ। ਸਲਮਾਨ ਖ਼ਾਨ ਦੀ ਭਾਈਜਾਨ ਵੀ ਬੌਲੀਵੁੱਡ ‘ਚ ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚੋਂ ਇੱਕ ਹੈ।
ਦੱਸ ਦੇਈਏ ਕਿ ਆਪਣੇ ਇਸ ਧਮਾਕੇਦਾਰ ਸਾਲ ਬਾਰੇ ਗੱਲ ਕਰਦੇ ਹੋਏ ਪੂਜਾ ਹੇਗੜੇ ਕਹਿੰਦੀ ਹੈ ਕਿ ਪਿਛਲੇ ਸਾਲ 2021 ਨੇ ਕਈ ਚੁਣੌਤੀਆਂ ਦੇ ਬਾਵਜੂਦ ਮੈਨੂੰ ਬਹੁਤ ਕੁੱਝ ਦਿੱਤਾ ਹੈ। ਫ਼ਿਲਮ ਮੋਸਟ ਐਲਿਜਿਬਲ ਬੈਚਲਰ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ। ਇਸ ਸਾਲ 2022 ‘ਚ ਮੈਂ ਦਰਸ਼ਕਾਂ ਲਈ ਕੁੱਝ ਅਜਿਹਾ ਸ਼ਾਨਦਾਰ ਸਿਨੇਮਾ ਲੈ ਕੇ ਆ ਰਹੀ ਹਾਂ ਜੋ ਉਨ੍ਹਾਂ ਲਈ ਯਾਦਗਾਰ ਬਣ ਜਾਵੇਗਾ।
ਪੂਜਾ ਹੇਗੜੇ ਕੁੱਝ ਸਮਾਂ ਪਹਿਲਾਂ ਰਣਵੀਰ ਸਿੰਘ ਨਾਲ ਫ਼ਿਲਮ ਸਰਕਸ ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਕੋਰੋਨਾਵਾਇਰਸ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਰੋਹਿਤ ਸ਼ੈੱਟੀ ਇਸ ਫ਼ਿਲਮ ਦੀਆਂ ਤਿਆਰੀਆਂ ‘ਚ ਕਾਫ਼ੀ ਰੁੱਝੇ ਹੋਇਐ। ਹਾਲ ਹੀ ‘ਚ ਰੋਹਿਤ ਦੀ ਫ਼ਿਲਮ ਸੂਰਿਆਵੰਸ਼ੀ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ।