ਨਵੀਂ ਦਿੱਲੀ – ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਸ਼ੁਰੂ ਹੋ ਚੁੱਕੀ ਹੈ। ਇਸ ਸੀਰੀਜ਼ ‘ਚ ਪਹਿਲੀ ਵਾਰ ਕੇ. ਐੱਲ. ਰਾਹੁਲ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਸੀਰੀਜ਼ ‘ਚ ਸਾਬਕਾ ਕਪਤਾਨ ਵੀਰਾਟ ਕੋਹਲੀ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ ਕਿਉਂਕਿ ਵੀਰਾਟ ਕੋਹਲੀ ਪਹਿਲੀ ਵਾਰ ਤਿੰਨੋ ਫ਼ੌਰਮੈਟ ਦੀ ਕਪਤਾਨੀ ਛੱਡਣ ਤੋਂ ਬਾਅਦ ਖੇਡ ਰਿਹਾ ਹੈ। ਇਸ ਸੀਰੀਜ਼ ‘ਚ ਪ੍ਰਸ਼ੰਸਕਾਂ ਨੂੰ ਵੀਰਾਟ ਕੋਹਲੀ ਦੇ ਬੱਲੇ ਤੋਂ ਵੱਡੀਆਂ ਪਾਰੀਆਂ ਦੀ ਉਮੀਦ ਹੈ।
ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ‘ਚ ਵੀਰਾਟ ਕੋਹਲੀ ਦੀਆਂ ਨਜ਼ਰਾਂ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਰਿਕਾਰਡ ‘ਤੇ ਹਨ। ਸਚਿਨ ਵਿਦੇਸ਼ੀ ਧਰਤੀ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਸਚਿਨ ਨੇ ਵਿਦੇਸ਼ੀ ਜ਼ਮੀਨ ‘ਤੇ ਭਾਰਤ ਲਈ ਸਭ ਤੋਂ ਜ਼ਿਆਦਾ 5,065 ਦੌੜਾਂ ਬਣਾਈਆਂ ਹਨ ਜਦਕਿ ਵੀਰਾਟ ਕੋਹਲੀ ਦੇ ਵਿਦੇਸ਼ੀ ਧਰਤੀ ‘ਤੇ 5, 057 ਦੌੜਾਂ ਸਨ ਅਤੇ ਉਹ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਉਮੀਦ ਹੈ ਕਿ ਦੱਖਣੀ ਅਫ਼ਰੀਕਾ ਖ਼ਿਲਾਫ਼ ਇਸ ਚਲੰਤ ਸੀਰੀਜ਼ ‘ਚ ਵੀਰਾਟ ਕਈ ਵੱਡੇ ਰਿਕਾਰਡ ਆਪਣੇ ਨਾਂ ਕਰੇਗਾ।
ਵਿਦੇਸ਼ੀ ਧਰਤੀ ‘ਤੇ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼: 5, 065 – ਸਚਿਨ, 5, 057 – ਵੀਰਾਟ, 4, 520 – ਧੋਨੀ, 3, 998 – ਦ੍ਰਾਵਿੜ ਅਤੇ 3, 468 – ਗਾਂਗੁਲੀ।
ਇੰਨਾ ਹੀ ਨਹੀਂ ਜੇਕਰ ਵੀਰਾਟ ਕੋਹਲੀ ਵਨ-ਡੇ ਸੀਰੀਜ਼ ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਦੋ ਸੈਂਕੜੇ ਲਗਾ ਲੈਂਦਾ ਹੈ ਤਾਂ ਉਹ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਵੀਰਾਟ ਕੋਹਲੀ ਦੇ ਨਾਂ ਦੱਖਣੀ ਅਫ਼ਰੀਕਾ ‘ਚ ਤਿੰਨ ਸੈਂਕੜੇ ਸਨ ਜਦਕਿ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਂ ਪੰਜ। ਇਸ ਤੋਂ ਬਾਅਦ ਸਚਿਨ ਦਾ ਨਾਂ ਆਉਂਦਾ ਹੈ। ਸਚਿਨ ਨੇ ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਚਾਰ ਸੈਂਕੜੇ ਲਗਾਏ ਸਨ।











