ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੇ ਸਨ ਚਾਰ ਕਾਰਨ

ਨਵੀਂ ਦਿੱਲੀ – ਇੱਕ ਤਾਂ ਅਜਿਹਾ ਕਪਤਾਨ ਜਿਹੜਾ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ, ਇੱਕ ਟੀਮ ਜਿਸ ‘ਚ ਕੁੱਝ ਖਿਡਾਰੀਆਂ ਨੂੰ ਉਨ੍ਹਾਂ ਦੀ ਮੌਜੂਦਾ ਫ਼ੌਰਮ ਦੀ ਬਜਾਏ ਪ੍ਰਸਿੱਧੀ ਦੇ ਆਧਾਰ ‘ਤੇ ਚੁਣਿਆ ਗਿਆ, ਅਤੇ ਜੈਵ ਸੁਰੱਖਿਅਤ ਮਾਹੌਲ (ਬਾਇਓ-ਬਬਲ) ਦੇ ਦੌਰ ‘ਚ ਹਾਵੀ ਹੁੰਦੀ ਥਕਾਨ ਭਾਰਤ ਦੇ T-20 ਵਿਸ਼ਵ ਕੱਪ ‘ਚ ਨਿਰਾਸ਼ਾਜਨਕ ਮੁਹਿੰਮ ਦੇ ਕਾਰਨ ਰਹੇ। ਭਾਰਤ ਦੀ ਪਾਕਿਸਤਾਨ ਅਤੇ ਨਿਊ ਜ਼ੀਲੈਂਡ ਹੱਥੋਂ ਹਾਰ ਲਈ ਕੋਈ ਇੱਕ ਕਾਰਨ ਨਹੀਂ। ਸ਼ਾਹੀਨ ਸ਼ਾਹ ਅਫ਼ਰੀਦੀ ਦੀਆਂ ਪਹਿਲੀਆਂ 12 ਗੇਂਦਾਂ ਨੇ ਭਾਰਤੀਆਂ ਨੂੰ ਦਹਿਸ਼ਤ ‘ਚ ਪਾ ਦਿੱਤਾ ਤਾਂ ਨਿਊ ਜ਼ੀਲੈਂਡ ਵਿਰੁੱਧ ਉਹ ਰਣਨੀਤੀ ਦੇ ਅਨੁਸਾਰ ਪ੍ਰਦਰਸ਼ਨ ਕਰਨ ‘ਚ ਅਸਫ਼ਲ ਰਹੇ।
ਵਿਰਾਟ ਕੋਹਲੀ ਤਾਂ ਟੂਰਨਾਮੈਂਟ ਤੋਂ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਅਦ T-20 ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕਰ ਚੁੱਕਾ ਸੀ। ਕੋਹਲੀ ਨੂੰ ਇੱਕ ਅਜਿਹੇ ਕਪਤਾਨ ਦੇ ਰੂਪ ‘ਚ ਯਾਦ ਕੀਤਾ ਜਾਵੇਗਾ ਜਿਹੜਾ ਦੋ-ਮੁਲਕਾਂ ਦੀਆਂ ਲੜੀਆਂ ‘ਚ ਤਾਂ ਸਫ਼ਲ ਰਿਹਾ, ਪਰ ਵੱਡੀਆਂ ਪ੍ਰਤੀਯੋਗਿਤਾਵਾਂ ਜਿਵੇਂ ਵਿਸ਼ਵ ਕੱਪ (T-20 ਅਤੇ ਵਨ ਡੇ), ਚੈਂਪੀਅਨਜ਼ ਟਰੌਫ਼ੀ ਜਾਂ IPL ‘ਚ ਸਫ਼ਲਤਾ ਨਹੀਂ ਦਰਜ ਕਰ ਸਕਿਆ। ਮੰਨਿਆ ਜਾਂਦਾ ਹੈ ਕਿ ਕੋਹਲੀ ਨੂੰ ਦੋ-ਪੱਖੀ ਲੜੀਆਂ ‘ਚ ਆਪਣੀਆਂ ਗ਼ਲਤੀਆਂ ‘ਚ ਸੁਧਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ, ਪਰ ਕਈ ਟੀਮਾਂ ਵਾਲੀਆਂ ਪ੍ਰਤੀਯੋਗਿਤਾਵਾਂ ‘ਚ ਅਜਿਹਾ ਨਹੀਂ ਹੁੰਦਾ। ਲੱਗਦਾ ਹੈ ਕਿ ਇਸ ਮਾਮਲੇ ‘ਚ ਉਸ ਦੀ ਰਣਨੀਤੀ ਕੰਮ ਨਹੀਂ ਕਰਦੀ। ਟੀਮ ਦੀ ਚੋਣ ‘ਚ ਨਿਰੰਤਰਤਾ ਦੀ ਘਾਟ ਦੇਖੀ ਗਈ। ਨਿਊ ਜ਼ੀਲੈਂਡ ਵਿਰੁੱਧ ਰੋਹਿਤ ਸ਼ਰਮਾ ਦੀ ਬਜਾਏ ਇਸ਼ਾਨ ਕਿਸ਼ਨ ਤੋਂ ਪਾਰੀ ਦਾ ਆਗ਼ਾਜ਼ ਕਰਵਾਉਣ ਦਾ ਕਪਤਾਨ ਦਾ ਫ਼ੈਸਲਾ ਗ਼ਲਤ ਸਾਬਿਤ ਹੋਇਆ। ਆਰ.ਅਸ਼ਵਿਨ ਨੂੰ ਹਰੇਕ ਸਵਰੂਪ ‘ਚ ਨਜ਼ਰਅੰਦਾਜ਼ ਕਰਨ ਨਾਲ ਕੋਹਲੀ ਦੇ ਆਪਣੇ ਖਿਡਾਰੀਆਂ ਨਾਲ ਸੰਬੰਧਾਂ ‘ਤੇ ਸਵਾਲ ਉੱਠ ਰਹੇ ਹਨ। ਅਜਿਹੀ ਹਾਲਾਤ ‘ਚ ਕੋਹਲੀ ਦੀ ਵਨ ਡੇ ਕਪਤਾਨੀ ਵੀ ਖ਼ਤਰੇ ‘ਚ ਲੱਗ ਰਹੀ ਹੈ।
ਵਨ ਡੇ ਵਿਸ਼ਵ ਕੱਪ 2023 ‘ਚ ਭਾਰਤ ‘ਚ ਖੇਡਿਆ ਜਾਣਾ ਹੈ ਅਤੇ ਅਜਿਹੇ ‘ਚ ਟੀਮ ਨੂੰ ਇੱਕ ਨਵੇਂ ਕਪਤਾਨ ਦੀ ਦੇਖ-ਰੇਖ ‘ਚ ਤਿਆਰ ਕੀਤਾ ਜਾ ਸਕਦਾ ਹੈ। ਔਲਰਾਊਂਡਰ ਹਾਰਦਿਕ ਪੰਡਯਾ ਦੀ ਫ਼ਿਟਨੈੱਸ ਨੂੰ ਲੈ ਕੇ ਸ਼ੁਰੂ ਤੋਂ ਹੀ ਟੀਮ ‘ਚ ਭੁਲੇਖੇ ਵਰਗੀ ਸਥਿਤੀ ਬਣੀ ਰਹੀ ਹੈ। ਪੂਰੀ ਤਰ੍ਹਾਂ ਨਾਲ ਫ਼ਿੱਟ ਨਾ ਹੋਣ ਦੇ ਬਾਵਜੂਦ ਹਾਰਦਿਕ ਦੀ ਚੋਣ ਕਰਨ ਦਾ ਮਤਲਬ ਹੈ ਕਿ ਚੋਣਕਾਰਾਂ ਤੋਂ ਲੈ ਕੇ ਟੀਮ ਮੈਨੇਜਮੈਂਟ ‘ਚ ਗੱਲਬਾਤ ਦੀ ਘਾਟ ਰਹੀ। IPL ਤੋਂ ਬਾਅਦ ਜਦੋਂ ਲੱਗਣ ਲੱਗਾ ਸੀ ਕਿ ਹਾਰਦਿਕ ਗੇਂਦਬਾਜ਼ੀ ਨਹੀਂ ਕਰ ਸਕੇਗਾ ਤਾਂ ਆਨਨ-ਫ਼ਾਨਨ ‘ਚ ਅਕਸ਼ਰ ਪਟੇਲ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਇੱਕ ਔਲਰਾਊਂਡਰ ਦੇ ਬਦਲ ਦੇ ਰੂਪ ‘ਚ ਰੱਖਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਟੀਮ T-20 ਵਿਸ਼ਵ ਕੱਪ ਦੀ ਅਸਲ ਚੁਣੌਤੀ ਨੂੰ ਲੈ ਕੇ ਬਹੁਤੀ ਗੰਭੀਰ ਨਹੀਂ। ਹਾਰਦਿਕ ਦੀ ਚੋਣ ਹੋਵੇ ਜਾਂ ਫ਼ੌਰਮ ਦੀ ਬਜਾਏ ਖਿਡਾਰੀਆਂ ਦੀ ਹੈਸੀਅਤ ਨੂੰ ਤਵੱਜੋ ਦੇਣਾ, ਇਸ ਸਭ ਲਈ ਚੋਣਕਾਰਾਂ ਨੂੰ ਵੀ ਜਵਾਬ ਦੇਣਾ ਪਵੇਗਾ। ਫ਼ੌਰਮ ‘ਤੇ ਧਿਆਨ ਦਿੱਤਾ ਜਾਂਦਾ ਤਾਂ ਰਿਤੂਰਾਜ ਗਾਇਕਵਾੜ ਟੀਮ ‘ਚ ਜਗ੍ਹਾ ਬਣਾਉਣ ਦਾ ਹੱਕਦਾਰ ਸੀ ਜਿਸ ਨੇ IPL ‘ਚ ਸਭ ਤੋਂ ਵੱਧ ਦੌੜਾਂ ਬਣਾਈਆਂ।
ਭੁਵਨੇਸ਼ਵਰ ਕੁਮਾਰ ਪਿਛਲੇ ਦੋ ਸਾਲਾਂ ਤੋਂ ਕਿਸੇ ਵੀ ਮੰਚ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਦੀ ਗੇਂਦਬਾਜ਼ੀ ‘ਚ ਹੁਣ ਪਹਿਲਾਂ ਵਰਗੀ ਧਾਰ ਨਹੀਂ ਰਹੀ, ਪਰ ਤਦ ਦੀਪਕ ਚਾਹਰ ਦੀ ਬਜਾਏ ਉਸ ਨੂੰ ਚੁਣਿਆ ਗਿਆ। ਦੀਪਕ ਅਜਿਹਾ ਗੇਂਦਬਾਜ਼ ਹੈ, ਜਿਹੜਾ ਪੌਵਰ ਪਲੇਅ ‘ਚ ਵਿਕਟਾਂ ਲੈਣ ‘ਚ ਮਾਹਿਰ ਹੈ। ਇਸੇ ਤਰ੍ਹਾਂ ਨਾਲ ਲੈੱਗ ਸਪਿਨਰ ਦੇ ਰੂਪ ‘ਚ ਰਾਹੁਲ ਚਾਹਰ ਨੂੰ ਚੁਣਿਆ ਗਿਆ ਜਦਕਿ ਰੌਇਲ ਚੈਲੰਜਰਜ਼ ਬੈਂਗਲੁਰੂ ਨੂੰ IPL ਦੇ ਪਲੇਅ ਔਫ਼ ‘ਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਜ਼ਵੇਂਦਰ ਚਾਹਲ ਨੂੰ ਰੀਜ਼ਰਵਜ਼ ‘ਚ ਵੀ ਜਗ੍ਹਾ ਨਹੀਂ ਦਿੱਤੀ ਗਈ।
ਟੀਮ ਦਾ ਪਿਛਲੇ ਚਾਰ ਮਹੀਨਿਆਂ ਤੋਂ ਜੈਵ ਸੁਰੱਖਿਅਤ ਮਾਹੌਲ (ਬਾਇਓ-ਬਬਲ) ‘ਚ ਰਹਿਣਾ ਵੀ ਹਾਰ ਦਾ ਇੱਕ ਕਾਰਨ ਰਿਹਾ। ਇਸ ਦਾ ਅਸਰ ਭਾਰਤੀ ਖਿਡਾਰੀਆਂ ਦੀ ਬੌਡੀ ਲੈਂਗੂਏਜ ‘ਚ ਸਪੱਸ਼ਟ ਦਿਖਾਈ ਦਿੱਤਾ। ਇਸ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੀ ਜ਼ਿੰਮੇਵਾਰ ਹੈ ਜਿਸ ਨੇ T-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ IPL ਦਾ ਆਯੋਜਨ ਕਰ ਕੇ ਖਿਡਾਰੀਆਂ ਨੂੰ ਤਰੋਤਾਜ਼ਾ ਹੋਣ ਦਾ ਮੌਕਾ ਨਹੀਂ ਦਿੱਤਾ।
ਇਸ ਤੋਂ ਇਲਾਵਾ ਭਾਰਤ ‘ਚ ਕ੍ਰਿਕਟ ਪ੍ਰਤੀ ਦੀਵਾਨਗੀ ਨੂੰ ਦੇਖਦੇ ਹੋਏ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ICC ਦੀ ਭਾਰਤੀ ਬੋਰਡ ਨੂੰ ਲੁਭਾਉਣ ਦੀ ਰਣਨੀਤੀ ਵੀ ਟੀਮ ‘ਤੇ ਭਾਰੀ ਪੈ ਰਹੀ ਹੈ। ਭਾਰਤ ਦੇ ਸਾਰੇ ਮੈਚ ਸ਼ਾਮ ਨੂੰ ਹਨ ਜਦੋਂ ਤਰੇਲ ਆਪਣੀ ਭੂਮਿਕਾ ਨਿਭਾ ਰਹੀ ਹੈ। ਸਾਰੀਆਂ ਚੋਟੀ ਦੀਆਂ ਟੀਮਾਂ ਜਿਵੇਂ ਇੰਗਲੈਂਡ, ਆਸਟਰੇਲੀਆ, ਦੱਖਣੀ ਅਫ਼ਰੀਕਾ, ਸ਼੍ਰੀ ਲੰਕਾ ਆਦਿ ਦਾ ਦਿਨ ‘ਚ ਘੱਟ ਤੋਂ ਘੱਟ ਇੱਕ ਮੈਚ ਹੈ। ਤਦ ਪਹਿਲਾਂ ਬੱਲੇਬਾਜ਼ੀ ਕਰਨ ‘ਤੇ ਤਰੇਲ ਦੀ ਭੂਮਿਕਾ ਨਹੀਂ ਹੁੰਦੀ, ਪਰ ਸ਼ਾਮ ਦੇ ਮੈਚਾਂ ‘ਚ ਟੌਸ ਗਵਾਉਣ ਅਤੇ ਪਹਿਲਾਂ ਫ਼ੀਲਡਿੰਗ ਕਰਨ ਵਾਲੀ ਟੀਮ ਦੀ ਹਾਰ ਦੀ ਸੰਭਾਵਨਾ ਵੱਧ ਜਾਂਦੀ ਹੈ। ਭਾਰਤ ਦੋਹਾਂ ਮੈਚਾਂ ‘ਚ ਟਾਸ ਗੁਆ ਬੈਠਾ ਸੀ।