ਨਿਊ ਜ਼ੀਲੈਂਡ ਵਿਰੁੱਧ ਆਗਾਮੀ T-20 ਸੀਰੀਜ਼ ‘ਚ ਕੇ.ਐੱਲ.ਰਾਹੁਲ ਨੂੰ ਮਿਲ ਸਕਦੀ ਹੈ ਕਪਤਾਨੀ

ਦੁਬਈ – T-20 ਵਿਸ਼ਵ ਕੱਪ ‘ਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਹੁਣ ਤਕ ਬਹੁਤਾ ਵਧੀਆ ਨਹੀਂ ਰਿਹਾ, ਅਤੇ ਬਾਇਓ ਬਬਲ ਕਾਰਨ ਖਿਡਾਰੀਆਂ ਦੀ ਥਕਾਵਟ ਨੂੰ ਧਿਆਨ ‘ਚ ਰੱਖਦੇ ਹੋਏ ਨਿਊ ਜ਼ੀਲੈਂਡ ਖ਼ਿਲਾਫ਼ ਘਰੇਲੂ T-20 ਸੀਰੀਜ਼ ਲਈ ਕੁੱਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ T-20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ। ਅਜਿਹੇ ‘ਚ ਟੀਮ ਇੰਡੀਆ ਦਾ ਅਗਲਾ ਕਪਤਾਨ ਕੌਣ ਹੋਵੇਗਾ, ਇਸ ਬਾਰੇ ਕਈ ਕਿਆਸ ਲਗ ਰਹੇ ਹਨ, ਪਰ ਇੱਕ ਸੰਭਾਵਨਾ ਇਹ ਵੀ ਹੈ ਕਿ ਨਿਊ ਜ਼ੀਲੈਂਡ ਖ਼ਿਲਾਫ਼ ਘਰੇਲੂ T-20 ਸੀਰੀਜ਼ ‘ਚ ਕਿ ਕੇ.ਐੱਲ.ਰਾਹੁਲ ਕਪਤਾਨ ਦੀ ਭੂਮਿਕਾ ਨਿਭਾ ਸਕਦਾ ਹੈ।
ਇੱਕ ਨਿਊਜ਼ ਰਿਪੋਰਟ ‘ਚ ਇੱਕ ਸੂਤਰ ਨੇ ਕਿਹਾ ਹੈ ਕਿ ਕੇ.ਐਲ.ਰਾਹੁਲ ਕਪਤਾਨੀ ਸੰਭਾਲਣ ਦੀ ਦੌੜ ‘ਚ ਸਭ ਤੋਂ ਅੱਗੇ ਹੈ ਕਿਉਂਕਿ ਰੋਹਿਤ ਸ਼ਰਮਾ ਨੂੰ ਵੀ ਆਰਾਮ ਦਿੱਤਾ ਜਾਵੇਗਾ। ਫ਼ਿਲਹਾਲ ਰੋਹਿਤ ਸ਼ਰਮਾ T-20 ਟੀਮ ਦੀ ਕਪਤਾਨੀ ‘ਚ ਸਭ ਤੋਂ ਮੋਹਰੀ ਦਾਵੇਦਾਰ ਹੈ, ਪਰ ਉਸ ਨੂੰ ਵੀ T-20 ਵਿਸ਼ਵ ਕੱਪ ਤੋਂ ਬਾਅਦ ਆਰਾਮ ਦਿੱਤਾ ਜਾਵੇਗਾ। ਇਹੀ ਕਾਰਨ ਹੈ ਕਿ ਕੇ.ਐੱਲ.ਰਾਹੁਲ ਨੂੰ ਕਪਤਾਨੀ ਮਿਲ ਸਕਦੀ ਹੈ ਕਿਉਂਕਿ ਆਸਟ੍ਰੇਲੀਆ ਦੇ ਸੀਮਿਤ ਓਵਰਾਂ ਦੇ ਦੌਰੇ ਲਈ ਉਸ ਨੂੰ ਟੀਮ ਦਾ ਉੱਪ-ਕਪਤਾਨ ਬਣਾਇਆ ਗਿਆ ਸੀ ਅਤੇ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।
ਸੂਤਰਾਂ ਨੇ ਕਿਹਾ, ”ਸੀਨੀਅਰ ਖਿਡਾਰੀਆਂ ਨੂੰ ਆਰਾਮ ਦੀ ਲੋੜ ਹੋਵੇਗੀ ਅਤੇ ਇਹ ਕੋਈ ਭੇਤ ਨਹੀਂ ਕਿ ਰਾਹੁਲ ਟੀਮ ਦੇ T-20 ਢਾਂਚੇ ਦਾ ਅਨਿੱਖੜਵਾਂ ਅੰਗ ਹੈ। ਉਸ ਦਾ ਅਗਵਾਈ ਕਰਨਾ ਲਗਭਗ ਤੈਅ ਹੈ।”ਇਸ ਦੇ ਨਾਲ ਹੀ, ਕੋਵਿਡ 19 ਪ੍ਰੋਟੋਕੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦਰਸ਼ਕ ਸਟੇਡੀਅਮ ‘ਚ ਦਾਖਲਾ ਲੈ ਸਕਦੇ ਹਨ। ਇਸ ਬਾਰੇ BCCI ਦੇ ਇੱਕ ਅਧਿਕਾਰੀ ਨੇ ਕਿਹਾ, ”ਹਾਂ, ਪ੍ਰਸ਼ੰਸਕ ਸਟੇਡੀਅਮ ‘ਚ ਆਉਣਗੇ, ਪਰ ਇਹ ਪੂਰੀ ਸਮਰੱਥਾ ‘ਚ ਨਹੀਂ ਹੋਵੇਗਾ। ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਅੱਗੇ ਦੀ ਯੋਜਨਾ ਬਣਾਵਾਂਗੇ।”