ਖ਼ਬਰ ਹੈ ਕਿ ਬੌਲੀਵੁਡ ਦੀ ਸਭ ਤੋਂ ਪਿਆਰੀ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਅਸੀਂ ਪਹਿਲਾਂ ਹੀ ਕਈ ਵਾਰ ਦੋਵਾਂ ਦੀ ਬਾਉਾਂਡਿੰਗ ਦੇਖ ਚੁੱਕੇ ਹਾਂ ਅਤੇ ਹੁਣ ਦੋਵਾਂ ਦੇ ਫ਼ੈਨਜ਼ ਨੂੰ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਸਭ ਦੌਰਾਨ ਇੱਕ ਵਾਰ ਫ਼ਿਰ ਤੋਂ ਮੀਡੀਆ ‘ਤੇ ਖ਼ਬਰਾਂ ਆ ਰਹੀਆਂ ਹਨ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦਸੰਬਰ ‘ਚ ਵਿਆਹ ਕਰਨ ਜਾ ਰਹੇ ਹਨ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੋਵਾਂ ਨੇ ਆਪੋ-ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਹਨ। ਉੱਥੇ ਹੀ ਇਸ ਖ਼ਬਰ ਦੇ ਆਉਣ ਤੋਂ ਬਾਅਦ ਹੁਣ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਇਸ ਬਾਰੇ ਇੱਕ ਨਵਾਂ ਅਪਡੇਟ ਦਿੱਤਾ ਹੈ।
ਜਾਣੋ ਦੋਵਾਂ ਦੇ ਵਿਆਹ ‘ਤੇ ਕੀ ਕਿਹਾ ਸੋਨੀ ਰਾਜ਼ਦਾਨ ਨੇ?
ਦਸੰਬਰ ‘ਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਤੋਂ ਬਾਅਦ ਸੋਨੀ ਰਾਜ਼ਦਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇੱਕ ਇੰਟਰਵਿਊ ‘ਚ ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਵਿਆਹ ਕਦੋਂ ਹੋਣ ਵਾਲਾ ਹੈ ਅਤੇ ਉਹ ਇਸ ਬਾਰੇ ਜਾਣਨ ਲਈ ਬਹੁਤ ਉਤਸੁਕ ਵੀ ਹੈ। ਉਸ ਨੇ ਅੱਗੇ ਕਿਹਾ ਕਿ ਇਸ ਲਈ ਅਜੇ ਕਾਫ਼ੀ ਸਮਾਂ ਪਿਆ ਹੈ। ਇਹ ਭਵਿੱਖ ‘ਚ ਵਾਪਰਨਾ ਹੈ, ਪਰ ਉਸ ਨੂੰ ਨਹੀਂ ਪਤਾ ਕਿ ਕਦੋਂ।”
ਤਿੰਨ ਸਾਲਾਂ ਤੋਂ ਹਨ ਰਿਲੇਸ਼ਨਸ਼ਿਪ ‘ਚ
ਰਣਬੀਰ ਅਤੇ ਆਲੀਆ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ‘ਚ ਰਣਬੀਰ ਕਪੂਰ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੇ ਪਿਆਰ ਦਾ ਅਧਿਕਾਰਿਕ ਐਲਾਨ ਵੀ ਕੀਤਾ ਸੀ। ਆਲੀਆ ਨੇ ਰਣਬੀਰ ਨਾਲ ਸੂਰਜ ਡੁੱਬਣ ਦੀ ਇੱਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ ਜਿਸ ‘ਚ ਦੋਵੇਂ ਇੱਕ ਟਿੱਲੇ ‘ਤੇ ਆਰਾਮ ਕਰਦੇ ਨਜ਼ਰ ਆਏ।
ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਸੀ ਕਿ ਦੋਵੇਂ ਇਸ ਸਾਲ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ਪਰ ਅਜਿਹਾ ਕਦੋਂ ਹੋਵੇਗਾ, ਇਸ ਬਾਰੇ ਸਿਰਫ਼ ਕਿਆਸ ਹੀ ਲਗਾਏ ਜਾ ਰਹੇ ਹਨ। ਹੁਣ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵਾਂ ਦੇ ਵਿਆਹ ਦੀ ਤਰੀਕ ਦਸੰਬਰ ‘ਚ ਤੈਅ ਹੋ ਚੁੱਕੀ ਹੈ ਅਤੇ ਜਲਦ ਹੀ ਕਪੂਰ ਪਰਿਵਾਰ ਵਲੋਂ ਇਸ ਦਾ ਐਲਾਨ ਵੀ ਕੀਤਾ ਜਾਵੇਗਾ। ਵਿਆਹ ਦੀ ਖ਼ਾਤਰ ਰਣਬੀਰ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਦਾ ਸਕੈਜੂਅਲ ਵੀ ਸ਼ਿਫ਼ਟ ਕਰ ਲਿਆ ਹੈ।












