ਕੀ IPL ਟੀਮ ਦੇ ਮਾਲਕ ਬਣਨਗੇ ਰਣਵੀਰ ਅਤੇ ਦੀਪਿਕਾ?

ਕ੍ਰਿਕਟ ਅਤੇ ਸਿਨੇਮਾ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਸਾਹਰੁਖ਼ ਖ਼ਾਨ ਤੋਂ ਲੈ ਕੇ ਪ੍ਰੀਤੀ ਜ਼ਿੰਟਾ ਤਕ, ਬਹੁਤ ਸਾਰੇ ਸਿਤਾਰੇ ਹਨ ਜੋ ਕ੍ਰਿਕਟ ਨੂੰ ਪਿਆਰ ਕਰਦੇ ਹਨ ਅਤੇ ਇਸ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ। ਖ਼ਾਂਨ ਅਤੇ ਜ਼ਿੰਟਾ, ਦੋਹੇਂ, ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਆਪੋ ਆਪਣੀਆਂ ਟੀਮਾਂ ਦੇ ਮਾਲਕ ਹਨ। ਹੁਣ ਬੌਲੀਵੁੱਡ ਦੇ ਇੱਕ ਹੋਰ ਖ਼ੂਬਸੂਰਤ ਜੋੜੀ ਦਾ ਨਾਂ ਇਸ ਸੂਚੀ ‘ਚ ਸ਼ਾਮਿਲ ਹੋਣ ਜਾ ਰਿਹਾ ਹੈ। ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਬਾਰੇ ਚਰਚਾਵਾਂ ਤੇਜ਼ ਹੋ ਰਹੀਆਂ ਹਨ ਕਿ ਆਲੀਸ਼ਾਨ ਬੰਗਲੇ ਤੋਂ ਬਾਅਦ ਹੁਣ ਉਹ ਦੋਵੇਂ IPL ਟੀਮ ਦੇ ਮਾਲਕ ਬਣ ਜਾਣਗੇ।
ਦਰਅਸਲ ਅਗਲੇ ਸਾਲ ਹੋਣ ਵਾਲੇ IPL ‘ਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣ ਜਾ ਰਹੇ ਹਨ। ਹੁਣ ਤਕ ਅੱਠ ਟੀਮਾਂ IPL ‘ਚ ਖੇਡਦੀਆਂ ਵੇਖੀਆਂ ਗਈਆਂ ਸਨ, ਪਰ ਹੁਣ ਅੱਠ ਨਹੀਂ ਸਗੋਂ 10 ਟੀਮਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇੱਕ ਰਿਪੋਰਟ ਅਨੁਸਾਰ ਬੌਲੀਵੁਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਵੀ ਆਪਣੀ ਖ਼ੁਦ ਦੀ ਇੱਕ ਟੀਮ ਖ਼ਰੀਦਣ ‘ਚ ਦਿਲਚਸਪੀ ਦਿਖਾਈ ਹੈ।
ਰਿਪੋਰਟ ਅਨੁਸਾਰ ਬੌਲੀਵੁਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਕ੍ਰਿਸਟੀਐਨੋ ਰੋਨੈਲਡੋ ਦੀ ਮੈਨਚੈਸਟਰ ਯੂਨਾਈਟਿਡ ਦੇ ਨਾਲ ਇੱਕ ਨਵੀਂ IPL ਟੀਮ ‘ਤੇ ਵੀ ਸੱਟਾ ਲਗਾ ਸਕਦੇ ਹਨ। ਹੁਣ ਤਕ ਦੋ ਲੋਕ ਇਕੱਠੇ ਟੀਮ ਖ਼ਰੀਦਦੇ ਸਨ, ਪਰ ਹੁਣ ਨਵੀਂ ਟੀਮ ਲਈ ਕਈ ਕੰਪਨੀਆਂ ਜਾਂ ਕੰਸੋਰਟੀਅਮਜ਼ ਵੀ ਬੋਲੀ ਲਗਾ ਸਕਦੇ ਹਨ। ਦੋਹਾਂ ਟੀਮਾਂ ਦੀ ਬੋਲੀ BCCI ਦੁਆਰਾ ਆਯੋਜਿਤ ਕੀਤੀ ਜਾਵੇਗੀ।