ਫ਼ਿਲਮ ਹੌਂਸਲਾ ਰੱਖ ਨੇ ਤੋੜੇ ਕਈ ਰਿਕਾਰਡ

ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ਹੌਸਲਾ ਰੱਖ ਬੀਤੀ 15 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਪਹਿਲੇ ਦਿਨ ਇਸ ਫ਼ਿਲਮ ਨੇ ਦੁਨੀਆ ਭਰ ‘ਚ 5.15 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਹੀ ਦੂਜੇ ਦਿਨ ਫ਼ਿਲਮ ਨੇ 5.85 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੋ ਦਿਨਾਂ ‘ਚ ਇਸ ਫ਼ਿਲਮ ਨੇ 11 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬੌਕਸ ਆਫ਼ਿਸ ਇੰਡੀਆ ਦੀ ਰਿਪੋਰਟ ਅਨੁਸਾਰ, ਫ਼ਿਲਮ ਹੌਸਲਾ ਰੱਖ ਨੇ ਰੀਲੀਜ਼ ਦੇ ਪਹਿਲੇ ਛੇ ਦਿਨਾਂ ‘ਚ ਹੀ ਬੌਕਸ ਆਫ਼ਿਸ ‘ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਫ਼ਿਲਮ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਹੌਂਸਲਾ ਰੱਖ ਨੇ ਪੰਜਾਬੀ ਫ਼ਿਲਮ ਛੜਾ ਦੇ ਕੋਲੈਕਸ਼ਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਤੀਸਰੇ ਦਿਨ ਫ਼ਿਲਮ ਨੇ 6.50 ਕਰੋੜ ਰੁਪਏ ਕਮਾਏ। ਦਿਲਜੀਤ ਨੇ ਟਵੀਟ ਕਰ ਕੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਹੌਸਲਾ ਰੱਖ ਨੇ ਕੇਵਲ ਪਹਿਲੇ ਤਿੰਨ ਦਿਨਾਂ ‘ਚ 17.5 ਕਰੋੜ ਦੀ ਕੋਲੈਕਸ਼ਨ ਨਾਲ ਸਾਰੀਆਂ ਪੌਲੀਵੁਡ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇੱਥੇ ਵਰਨਣਯੋਗ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪੌਲੀਵੁਡ ਕਿਹਾ ਜਾਂਦਾ ਹੈ।
ਹੌਂਸਲਾ ਰੱਖ ਨੇ UP ਅਤੇ ਦਿੱਲੀ ‘ਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਦਿੱਲੀ ‘ਚ ਇੰਨੇ ਵੱਡੇ ਪੱਧਰ ‘ਤੇ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਹੀਂ ਸੀ ਹੋਈ। ਫ਼ਿਲਮ ਨੇ ਰਾਜਸਥਾਨ ‘ਚ ਪਹਿਲੇ ਦਿਨ ਛੇ ਲੱਖ ਰੁਪਏ ਦੀ ਕਮਾਈ ਕੀਤੀ ਹੈ, ਬਾਕੀ ਧਨ ਫ਼ਿਲਮ ਨੇ 7-8 ਲੱਖ ਸਰਕਟਾਂ ‘ਚ ਇਕੱਠਾ ਕੀਤਾ। ਅਜਿਹੀ ਸਥਿਤੀ ‘ਚ ਕਿਹਾ ਜਾ ਰਿਹਾ ਹੈ ਕਿ ਹੌਂਸਲਾ ਰੱਖ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਬਹੁਤ ਵਧੀਆ ਕਮਾਈ ਕਰੇਗੀ। ਦੁਸਹਿਰੇ ‘ਤੇ ਰੀਲੀਜ਼ ਹੋਈ ਇਸ ਫ਼ਿਲਮ ਨੂੰ ਇਸ ਤੋਂ ਬਾਅਦ ਹੋਰ ਵੱਡਾ ਵੀਕੈਂਡ ਮਿਲ ਰਿਹਾ ਹੈ। ਚੇਤੇ ਰਹੇ ਕਿ ਜਦੋਂ ਇਹ ਫ਼ਿਲਮ ਰੀਲੀਜ਼ ਹੋਈ ਹੈ ਉਸ ਵਕਤ ਭਾਰਤ ਭਰ ਦੇ ਸਿਨੇਮਿਆਂ ‘ਚ ਕੇਵਲ 50 ਪ੍ਰਤੀਸ਼ਤ ਦਰਸ਼ਕਾਂ ਦੇ ਦਾਖ਼ਲੇ ਇਜਾਜ਼ਤ ਹੈ।
ਦੱਸਣਯੋਗ ਹੈ ਕਿ ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਫ਼ਿਲਮ ਹੌਂਸਲਾ ਰੱਖ ਦਾ ਮੁੱਖ ਹਿੱਸਾ ਹੈ। ਉਸ ਨੂੰ ਇਸ ਪੰਜਾਬੀ ਫ਼ਿਲਮ ‘ਚ ਦਿਲਜੀਤ ਦੌਸਾਂਝ ਦੇ ਔਪੋਜ਼ਿਟ ਕਾਸਟ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।