ਕਰੂਜ਼ ਸ਼ਿਪ ‘ਚ ਡਰੱਗ ਪਾਰਟੀ ਦੇ ਦੋਸ਼ ‘ਚ ਫ਼ਸੇ ਆਰੀਅਨ ਖ਼ਾਨ ਦੇ ਪਿਤਾ ਸ਼ਾਹਰੁਖ਼ ਖ਼ਾਨ ਨੂੰ ਵੱਡਾ ਝਟਕਾ ਲੱਗਾ ਹੈ। ਬੌਲੀਵੁਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇਸ਼ ਦੀ ਸਭ ਤੋਂ ਕੀਮਤੀ ਸਿੱਖਿਆ-ਤਕਨਾਲੋਜੀ ਕੰਪਨੀ ਬਾਇਜੂਸ ਦਾ ਬ੍ਰੈਂਡ ਅੰਬੈਸਡਰ ਹੈ। ਹੁਣ ਉਸ ਦੇ ਪੁੱਤਰ ਆਰੀਅਨ ਦੇ ਨਿਆਂਇਕ ਹਿਰਾਸਤ ‘ਚ ਜਾਣ ਤੋਂ ਬਾਅਦ ਇਸ ਕੰਪਨੀ ਨੇ ਸ਼ਾਹਰੁਖ਼ ਖ਼ਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਕੰਪਨੀ ਨੇ ਐਡਵਾਂਸ ਬੁਕਿੰਗ ਦੇ ਬਾਵਜੂਦ ਖ਼ਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ।
ਹੋਰ ਕਿਹੜੀਆਂ ਕੰਪਨੀਆਂ ਨਾਲ ਹੈ ਕਿੰਗ ਖ਼ਾਨ ਦੀ ਡੀਲ?
ਬਾਇਜੂਸ ਦਾ ਕੌਨਟ੍ਰੈਕਟ ਕਿੰਗ ਖ਼ਾਨ ਦੇ ਸਭ ਤੋਂ ਵੱਡੇ ਸਪੌਂਸਰਸ਼ਿਪ ਸੌਦਿਆਂ ‘ਚੋਂ ਇੱਕ ਸੀ। ਇਸ ਤੋਂ ਇਲਾਵਾ ਉਹ ਹੁੰਡਾਏ, LG, ਦੁਬਈ ਟੂਰਿਜ਼ਮ, ICICI ਬੈਂਕ ਅਤੇ ਰਿਲਾਇੰਸ ਜੀਓ ਵਰਗੀਆਂ ਬਹੁਤ ਸਾਰੀਆਂ ਕੰਪਨੀਆਂ ਦਾ ਚਿਹਰਾ ਵੀ ਹੈ।
ਸ਼ਾਹਰੁਖ਼ ਨੂੰ ਕਿੰਨਾ ਭੁਗਤਾਨ ਕਰਦੀ ਹੈ ਬਾਇਜੂਸ?
ਖ਼ਬਰਾਂ ਅਨੁਸਾਰ, ਇਹ ਕੰਪਨੀ ਸ਼ਾਹਰੁਖ਼ ਖ਼ਾਨ ਨੂੰ ਬ੍ਰੈਂਡ ਦਾ ਸਮਰਥਨ ਕਰਨ ਲਈ ਸਾਲਾਨਾ ਤਿੰਨ ਤੋਂ ਚਾਰ ਕਰੋੜ ਰੁਪਏ ਅਦਾ ਕਰਦੀ ਹੈ। ਸ਼ਾਹਰੁਖ਼ ਸਾਲ 2017 ਤੋਂ ਇਸ ਕੰਪਨੀ ਦਾ ਬ੍ਰੈਂਡ ਅੰਬੈਸਡਰ ਹੈ।
ਸੋਸਲ ਮੀਡੀਆ ‘ਤੇ ਹੋ ਰਹੀ ਸੀ ਚਰਚਾ
ਲੋਕਾਂ ਨੇ ਬਾਇਜੂਸ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਕੰਪਨੀ ਸ਼ਾਹਰੁਖ਼ ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾ ਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਲੋਕਾਂ ਨੇ ਪੁੱਛਿਆ ਕਿ ਕੀ ਸ਼ਾਹਰੁਖ਼ ਆਪਣੇ ਪੁੱਤਰ ਨੂੰ ਇਹੀ ਸਿਖਾ ਰਿਹੈ? ਇੱਕ ਟਵਿਟਰ ਯੂਜ਼ਰ ਨੇ ਮਸ਼ਕਰੀ ਕਰਦਿਆਂ ਲਿਖਿਆ ਕਿ ਰੇਵ ਪਾਰਟੀ ਕਿਵੇਂ ਆਯੋਜਿਤ ਕਰੀਏ? ਇਹ ਹੋਣਾ ਚਾਹੀਦਾ ਹੈ ਬਾਇਜੂਸ ਦੀ ਔਨਲਾਈਨ ਕਲਾਸ ‘ਚ ਜੁੜਿਆ ਇੱਕ ਨਵਾਂ ਚੈਪਟਰ।
ਕਿੰਨੀ ਹੈ ਬਾਇਜੂਸ ਦੀ ਵੈਲਯੁਏਸ਼ਨ?
ਇਸ ਹਫ਼ਤੇ ਬਾਇਜੂਸ ਨੇ 30 ਕਰੋੜ ਡਾਲਰ ਦੀ ਵੱਡੀ ਫ਼ੰਡਿੰਗ ਇਕੱਠੀ ਕੀਤੀ। ਇਸ ਤੋਂ ਬਾਅਦ ਕੰਪਨੀ ਦਾ ਮੁਲਾਂਕਣ 18 ਅਰਬ ਡਾਲਰ ਯਾਨੀਕਿ ਕਰੀਬ 1,342.10 ਅਰਬ ਰੁਪਏ ਹੋ ਗਈ ਹੈ ਜਦੋਂਕਿ ਸਾਲ ਦੀ ਸ਼ੁਰੂਆਤ ‘ਚ ਪਿਛਲੇ ਫ਼ੰਡਿੰਗ ਦੌਰ ਤੋਂ ਬਾਅਦ ਬਾਇਜੂਸ ਦੀ ਕੀਮਤ 16.5 ਅਰਬ ਡਾਲਰ ਸੀ।
ਇੱਥੇ ਵਰਣਨਯੋਗ ਹੈ ਕਿ ਖ਼ੁਦ ਬੌਲੀਵੁਡ ਅਦਾਕਾਰ ਸ਼ਾਹਰੁਖ਼ ਅਤੇ ਉਸ ਦੀ ਪਤਨੀ ਗੌਰੀ ਖ਼ਾਨ ਆਪਣੇ ਪੁੱਤਰ ਨੂੰ ਇਸ ਹਾਲਤ ‘ਚ ਦੇਖ ਕੇ ਬਹੁਤ ਪਰੇਸ਼ਾਨ ਹਨ।












