ਪੰਜਾਬੀ ਫ਼ਿਲਮ ਹੌਂਸਲਾ ਰੱਖ ਹਾਲ ਦੇ ਦਿਨਾਂ ‘ਚ ਬੇਹੱਦ ਚਰਚਾ ਖੱਟ ਰਹੀ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਅਤੇ ਸ਼ਿੰਦਾ ਗਰੇਵਾਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਟਰੇਲਰ ਅਤੇ ਗੀਤ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਇਸੇ ਲਿਸਟ ‘ਚ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ ਜਿਸ ਦਾ ਨਾਂ ਹੈ ਸ਼ੇਰ। ਇਸ ਗੀਤ ਨੂੰ ਆਵਾਜ਼ ਦਿਲਜੀਤ ਦੋਸਾਂਝ ਨੇ ਦਿੱਤੀ ਹੈ। ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਹਨ ਅਤੇ ਮਿਊਜ਼ਿਕ ਯਿਆ ਪਰੂਫ਼ ਨੇ ਦਿੱਤਾ ਹੈ। ਗੀਤ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ। ਗੀਤ ਨੂੰ ਕੁੱਝ ਘੰਟਿਆਂ ਅੰਦਰ ਹੀ 3.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਕੌਮੇਡੀ ਭਰਪੂਰ ਫ਼ੈਮਿਲੀ ਡਰਾਮਾ ਫ਼ਿਲਮ ਹੈ। ਫ਼ਿਲਮ ਦੇ ਟਰੇਲਰ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਸਿੰਗਲ ਫ਼ਾਦਰ ਨੂੰ ਆਪਣੇ ਬੱਚੇ ਦੀ ਸਾਂਭ-ਸੰਭਾਲ ਕਰਨੀ ਪੈਂਦੀ ਹੈ। ਇਸ ਦੌਰਾਨ ਉਸ ਦੇ ਰਸਤੇ ‘ਚ ਕਈ ਰੁਕਾਵਟਾਂ ਆਉਂਦੀਆਂ ਹਨ ਅਤੇ ਕਿਵੇਂ ਪਿਓ-ਪੁੱਤ ਦੀ ਜੋੜੀ ਮਸਤੀ ਕਰਦੀ ਹੈ, ਇਹ ਸਭ 15 ਅਕਤੂਬਰ ਨੂੰ ਸਾਨੂੰ ਫ਼ਿਲਮ ‘ਚ ਦੇਖਣ ਨੂੰ ਮਿਲੇਗਾ। ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਬਲਜੀਤ ਸਿੰਘ ਦਿਓ ਇਸ ਦੇ DOP ਹਨ। ਫ਼ਿਲਮ ਦਾ ਸਕ੍ਰੀਨਪਲੇਅ ਅਤੇ ਡਾਇਲੌਗਜ਼ ਅਮਰਜੀਤ ਸਿੰਘ ਨੇ ਹੀ ਲਿਖੇ ਹਨ। ਫ਼ਿਲਮ ਨੂੰ ਦਲਜੀਤ ਥਿੰਦ ਅਤੇ ਦਿਲਜੀਤ ਦੋਸਾਂਝ ਨੇ ਪ੍ਰੋਡਿਊਸ ਕੀਤਾ ਹੈ।












