ਸ਼੍ਰੀਨਗਰ, – ਅੱਤਵਾਦੀਆਂ ਨੇ ਇਕਬਾਲ ਪਾਰਕ ਖੇਤਰ ਵਿਚ ਸ਼੍ਰੀਨਗਰ ਦੀ ਪ੍ਰਸਿੱਧ ਫਾਰਮੇਸੀ ਦੇ ਮਾਲਕ ਮਾਖਨ ਲਾਲ ਬਿੰਦਰੂ ਦਾ ਮੰਗਲਵਾਰ ਉਨ੍ਹਾਂ ਦੇ ਕਾਰੋਬਾਰੀ ਕੰਪਲੈਕਸ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ ਹਮਲਾਵਰਾਂ ਨੇ ਬਿੰਦਰੂ (68) ਨੂੰ ਉਸ ਵੇਲੇ ਨੇੜਿਓਂ ਗੋਲੀ ਮਾਰੀ ਜਦੋਂ ਉਹ ਆਪਣੀ ਫਾਰਮੇਸੀ ਵਿਚ ਸਨ। ਬਿੰਦਰੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਕਸ਼ਮੀਰੀ ਪੰਡਿਤ ਭਾਈਚਾਰੇ ਤੋਂ ਬਿੰਦਰੂ ਉਨ੍ਹਾਂ ਕੁਝ ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ 1990 ਦੇ ਦਹਾਕੇ ਵਿਚ ਜੰਮੂ-ਕਸ਼ਮੀਰ ’ਚ ਅੱਤਵਾਦ ਸ਼ੁਰੂ ਹੋਣ ਤੋਂ ਬਾਅਦ ਹਿਜਰਤ ਨਹੀਂ ਕੀਤੀ। ਉਹ
ਆਪਣੀ ਪਤਨੀ ਦੇ ਨਾਲ ਇੱਥੇ ਹੀ ਰਹੇ ਅਤੇ ਲਗਾਤਾਰ ਆਪਣੀ ਫਾਰਮੇਸੀ ‘ਬਿੰਦਰੂ ਮੈਡੀਕੇਟ’ ਚਲਾਉਂਦੇ ਰਹੇ।
ਦੂਜੇ ਪਾਸੇ ਸ਼੍ਰੀਨਗਰ ਦੇ ਲਾਲ ਬਾਜ਼ਾਰ ਇਲਾਕੇ ਵਿਚ ਮੰਗਲਵਾਰ ਸ਼ਾਮ ਅੱਤਵਾਦੀਆਂ ਨੇ ਇਕ ਗੈਰ-ਸਥਾਨਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਸ਼੍ਰੀਨਗਰ ’ਚ ਭੇਲਪੁਰੀ ਵੇਚਣ ਵਾਲੇ ਵਰਿੰਦਰ ਪਾਸਵਾਨ ਵਾਸੀ ਭਾਗਲਪੁਰ (ਬਿਹਾਰ), ਅਲਾਮਗਿਰੀ ’ਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸੇ ਤਰ੍ਹਾਂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਹਾਜਿਨ ਇਲਾਕੇ ਵਿਚ ਵੀ ਅੱਤਵਾਦੀਆਂ ਨੇ ਮੁਹੰਮਦ ਸ਼ਫੀ ਵਾਸੀ ਸ਼ਾਹਗੁੰਡ ਹਾਜਿਨ ਬਾਂਦੀਪੋਰਾ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਵਾਦੀ ਵਿਚ ਕੁਝ ਘੰਟਿਆਂ ਅੰਦਰ ਇਹ ਤੀਜਾ ਹਮਲਾ ਹੈ।















