ਅਧਿਆਪਕਾਂ ਨੂੰ ਮਿਲਦੇ ਜ਼ਿਲ੍ਹਾ ਪੱਧਰੀ ਐਵਾਰਡਾਂ ਸਬੰਧੀ ਸਖ਼ਤੀ ਦਾ ਨਿਰਦੇਸ਼

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਵੱਲੋਂ ਜ਼ਿਲਾ ਪੱਧਰ ’ਤੇ ਪ੍ਰਾਪਤ ਕੀਤੇ ਜਾਂਦੇ ਐਵਾਰਡਾਂ ਸਬੰਧੀ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਅਨੁਸਾਰ ਕੁਝ ਅਧਿਆਪਕਾਂ ਵੱਲੋਂ ਜ਼ਿਲਾ ਸਿੱਖਿਆ ਅਫਸਰ/ਵਿਭਾਗ ਦੀਆਂ ਸਿਫਾਰਸ਼ਾਂ ਤੋਂ ਬਿਨਾਂ ਐਵਾਰਡ ਪ੍ਰਾਪਤ ਕਰਨ ਦੇ ਕੇਸ ਵਿਭਾਗ ਦੇ ਧਿਆਨ ’ਵਿਚ ਆਏ ਹਨ। ਕਈ ਆਧਿਆਪਕਾਂ ਵੱਲੋਂ ਅਜਿਹੇ ਐਵਾਰਡ ਪ੍ਰਾਪਤ ਕੀਤੇ ਗਏ ਹਨ, ਜਿਨ੍ਹਾਂ ਦਾ ਸਿੱਖਿਆ ਨਾਲ ਕੋਈ ਵੀ ਸਬੰਧ ਨਹੀਂ ਹੈ। ਬੁਲਾਰੇ ਅਨੁਸਾਰ ਇਹ ਮਾਮਲਾ ਸਿੱਧੇ ਤੌਰ ’ਤੇ ਅਧਿਆਪਕ ਤਬਾਦਲਾ ਨੀਤੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਅਧਿਆਪਕਾਂ ਨੂੰ ਬਦਲੀਆਂ ਦੌਰਾਨ ਇਨ੍ਹਾਂ ਐਵਾਰਡਾਂ ਦੇ ਵਾਧੂ ਅੰਕ ਮਿਲਦੇ ਹਨ।
ਬੁਲਾਰੇ ਅਨੁਸਾਰ ਇਸ ਸੰਦਰਭ ਵਿਚ ਹੀ ਸਿੱਖਿਆ ਸਕੱਤਰ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਸਬੰਧਤ ਜ਼ਿਲਾ ਸਿੱਖਿਆ ਅਫਸਰ/ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਾਪਤ ਕੀਤੇ ਐਵਾਰਡਾਂ ਨੂੰ ਅਧਿਆਪਕ ਤਬਾਦਲਾ ਨੀਤੀ ਦੇ ਹੇਠ ਵਾਧੂ ਅੰਕਾਂ ਦਾ ਲਾਭ ਨਾ ਦਿੱਤਾ ਜਾਵੇ। ਇਸ ਦੇ ਨਾਲ ਹੀ ਅਜਿਹੇ ਅਵਾਰਡਾਂ ਨੂੰ ਸਰਕਾਰੀ ਰਿਕਾਰਡ/ਸਰਵਿਸ ਬੁੱਕ ਆਦਿ ਵਿਚ ਕੋਈ ਵੀ ਇੰਦਰਾਜ ਨਾ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।