ਬੀਜਿੰਗ-ਚੀਨ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਫਿਰ ਤੋਂ ਅੱਤਵਾਦ ਦਾ ਅੱਡਾ ਨਹੀਂ ਬਣਨਾ ਦੇਣਾ ਚਾਹੀਦਾ ਅਤੇ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਦੇਸ਼ ‘ਚ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਇਸ ਸੰਕਟ ਨਾਲ ਨਜਿੱਠਣ ‘ਚ ਦ੍ਰਿੜਤਾ ਨਾਲ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਚੀਨ ਤਾਲਿਬਾਨ ਨਾਲ ਅੱਤਵਾਦ ਦਾ ਰਸਤਾ ਛੱਡ ਕੇ ਸਾਰੇ ਦਲਾਂ ਅਤੇ ਜਾਤੀ ਸਮੂਹਾਂ ਨਾਲ ਮਿਲ ਕੇ ਇਕ ਸਮਾਵੇਸ਼ੀ ਇਸਲਾਮੀ ਸਰਕਾਰ ਬਣਾਉਣ ਦੀ ਅਪੀਲ ਕਰ ਰਿਹਾ ਹੈ।
ਹਾਲ ‘ਚ ਹੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਪੂਰਬੀ ਤੁਰਕੀਸਤਾਨ ਇਸਲਾਮਿਕ ਮੂਵਮੈਂਟ (ਈ.ਟੀ.ਆਈ.ਐੱਮ.) ਨਾਲ ਜੁੜੇ ਸੈਂਕੜੇ ਅੱਤਵਾਦੀ ਤਾਲਿਬਾਨ ਦੀਆਂ ਗਤੀਵਿਧੀਆਂ ਦਰਮਿਆਨ ਅਫਗਾਨਿਸਤਾਨ ‘ਚ ਇਕੱਠੇ ਹੋ ਰਹੇ ਹਨ। ਚੀਨ ਇਸ ਗੱਲ ਨੂੰ ਲੈ ਕੇ ਚਿਤੰਤ ਹੈ। ਆਪਣੇ ਸਿਆਸੀ ਕਮਿਸ਼ਨ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਾਦਾਰ ਦੀ ਅਗਵਾਈ ‘ਚ ਤਾਲਿਬਾਨ ਦੇ ਇਕ ਉੱਚ ਪੱਧਰੀ ਵਫ਼ਦ ਨੇ ਪਿਛਲੇ ਮਹੀਨੇ ਚੀਨ ਦਾ ਦੌਰਾ ਕੀਤਾ ਸੀ। ਇਸ ਵਫ਼ਦ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਦੌਰਾਨ ਵਾਅਦਾ ਕੀਤਾ ਸੀ ਕਿ ਸ਼ਿਨਜਿਆਂਗ ਦੇ ਉਈਗਰ ਸਮੂਹ ਦੇ ਅੱਤਵਾਦੀ ਸਮੂਹ ਨੂੰ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਚੀਨ ਦੀਆਂ ਚਿੰਤਾਵਾਂ ਦਾ ਉਲੇਖ ਕਰਦੇ ਹੋਏ ਵਾਂਗ ਯੀ ਨੇ ਬੁੱਧਵਾਰ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਮਹਿਮੂਦ ਕੁਰੈਸ਼ੀ ਨਾਲ ਫੋਨ ‘ਤੇ ਗੱਲਬਾਤ ‘ਚ ਅਫਗਾਨਿਸਤਾਨ ‘ਚ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਮਹੱਤਵਪੂਰਨ ਗੁਆਂਢੀ ਅਤੇ ਖੇਤਰ ਦੇ ਜ਼ਿੰਮੇਵਾਰ ਦੇਸ਼ਾਂ ਦੇ ਤੌਰ ‘ਤੇ ਚੀਨ ਅਤੇ ਪਾਕਿਸਤਾਨ ਨੂੰ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਆਪਸੀ ਸੰਪਰਕ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ‘ਚ ਰਚਨਾਤਮਕ ਭੂਮਿਕਾ ਨਿਭਾਉਣ ਦੀ ਲੋੜ ਹੈ।















