50 ਸਾਲਾਂ ਤੋਂ ਬੰਦ ਪਏ ਭਾਰਤ-ਬੰਗਲਾਦੇਸ਼ ਵਿਚਾਲੇ ਰੇਲ ਮਾਰਗ ‘ਤੇ ਵਪਾਰਕ ਸੇਵਾਵਾਂ ਹੋਈਆਂ ਬਹਾਲ

ਜਲਪਾਈਗੁੜੀ – ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਲਦੀਬਾੜੀ-ਚਿਲਾਹਾਟੀ ਰੇਲਵੇ ਮਾਰਗ ‘ਤੇ ਵਪਾਰਕ ਸੇਵਾਵਾਂ ਐਤਵਾਰ ਨੂੰ ਇਕ ਮਾਲ ਗੱਡੀ ਦੇ ਗੁਆਂਢੀ ਦੇਸ਼ ਦੀ ਯਾਤਰਾ ਨਾਲ ਬਹਾਲ ਹੋ ਗਈਆਂ। ਇਹ ਰੇਲ ਮਾਰਗ 50 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਪਿਆ ਸੀ। ਇਸ ਰੇਲ ਮਾਰਗ ਦੀ ਮੁਰੰਮਤ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮ ਰੁਤਬਾ ਸ਼ੇਖ ਹਸੀਨਾ ਨੇ 17 ਦਸੰਬਰ 2020 ਨੂੰ ਇਸ ਦਾ ਉਦਘਾਟਨ ਕੀਤਾ ਸੀ।
ਹਾਲਾਂਕਿ ਮਹਾਮਾਰੀ ਦੀ ਸਥਿਤੀ ਕਾਰਨ ਉਸ ਤੋਂ ਬਾਅਦ ਅਧਿਕਾਰਤ ਤੌਰ ‘ਤੇ ਮਾਰਗ ‘ਤੇ ਕੋਈ ਰੇਲ ਨਹੀਂ ਚੱਲੀ। ਪੱਥਰ ਦੇ ਚਿਪਸ ਨਾਲ ਭਰੀ 58 ਡੱਬਿਆਂ ਵਾਲੀ ਮਾਲ ਗੱਡੀ ਐਤਵਾਰ ਸਵੇਰੇ 10.30 ਵਜੇ ਅਲੀਪੁਰਦਵਾਰ ਦੇ ਡਿਮਡਿਮਾ ਸਟੇਸ਼ਨ ਤੋਂ ਨਿਕਲੀ। ਇਹ ਹਲਦੀਬਾੜੀ ਦੇ ਰਸਤੇ ਬੰਗਲਾਦੇਸ਼ ਦੇ ਚਿਲਾਹਾਟੀ ਜਾਏਗੀ। ਪੂਰਬ-ਉੱਤਰੀ ਸਰਹੱਦੀ ਰੇਲਵੇ (ਐੱਨ.ਐੱਫ.ਆਰ.) ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਸੀ,”ਹਲਦੀਬਾੜੀ ਅਤੇ ਚਿਲਾਹਾਟੀ ਵਿਚਾਲੇ ਪਹਿਲੀ ਵਪਾਰਕ ਸੇਵਾ ਐਤਵਾਰ ਸ਼ੁਰੂ ਹੋਵੇਗੀ।”