ਚੰਡੀਗੜ੍ਹ : ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਲੱਗਦੈ ਨਬੇੜੇ ਵੱਲ ਵੱਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਭਾਵੇਂ ਅਜੇ ਨਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਮਨਾਉਣ ਲਈ ਹਾਈਕਮਾਨ ਵਲੋਂ ਬਕਾਇਦਾ ਹਰੀਸ਼ ਰਾਵਤ ਦੀ ਡਿਊਟੀ ਵੀ ਲਗਾ ਦਿੱਤੀ ਹੈ ਪਰ ਇਸ ਸਭ ਦੇ ਦਰਮਿਆਨ ਨਵਜੋਤ ਸਿੱਧੂ ਨੇ ਸ਼ਨੀਵਾਰ ਨੂੰ ਸੁਨੀਲ ਜਾਖੜ ਨਾਲ ਨਾ ਸਿਰਫ ਮੁਲਾਕਾਤ ਕੀਤੀ ਸਗੋਂ ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਬਕਾਇਦਾ ਜੱਫ਼ੀਆਂ ਪਾ ਕੇ ਏਕੇ ਦਾ ਸਬੂਤ ਵੀ ਦਿੱਤਾ।
ਇਸ ਦੌਰਾਨ ਦੋਵਾਂ ਆਗੂਆਂ ਦੇ ਚਿਹਰੇ ’ਤੇ ਆਈ ਮੁਸਕਰਾਹਟ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਸਕਦਾ ਸੀ ਕਿ ਇਹ ਮੀਟਿੰਗ ਨਾ ਸਿਰਫ ਖ਼ੁਸ਼ਗਵਾਰ ਮਾਹੌਲ ਵਿਚ ਹੋਈ ਹੈ ਸਗੋਂ ਪਿਛਲੇ ਸਮੇਂ ਤੋਂ ਚੱਲੇ ਆ ਰਹੇ ਗਿਲੇ-ਸ਼ਿਕਵੇ ਵੀ ਫਿਲਹਾਲ ਦੂਰ ਹੋ ਗਏ ਹਨ।
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਨਵਜੋਤ ਸਿੱਧੂ ਵਲੋਂ ਖੁਦ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਗਈ ਹੋਵੇ। ਇਸ ਦੌਰਾਨ ਵੱਡੀ ਗੱਲ ਇਹ ਰਹੀ ਕਿ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਖੁਦ ਕਿਹਾ ਕਿ ਸਾਡੀ ਜੋੜੀ ‘ਹਿੱਟ ਤੇ ਫਿੱਟ’ ਰਹੇਗੀ।
ਇਥੇ ਹੀ ਬਸ ਨਹੀਂ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਣ ਉਪਰੰਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ। ਇੰਝ ਜਾਪ ਰਿਹਾ ਹੈ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲਣ ਦੇ ਐਲਾਨ ਤੋਂ ਪਹਿਲਾਂ ਸਾਰਿਆਂ ਦੀ ਨਾਰਾਜ਼ਗੀ ਦੂਰ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ।
ਇਸੇ ਦਾ ਨਤੀਜਾ ਹੈ ਕਿ ਅੱਜ ਸਿੱਧੂ ਵਲੋਂ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਲਾਲ ਸਿੰਘ, ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਬਰਿੰਦਰ ਪਾਹੜਾ, ਦਰਸ਼ਨ ਸਿੰਘ ਬਰਾੜ, ਰਾਜਿੰਦਰ ਸਿੰਘ ਕਾਕਾ, ਪ੍ਰੀਤਮ ਕੋਟਭਾਈ ਅਤੇ ਕੁਲਬੀਰ ਜ਼ੀਰਾ ਨਾਲ ਮੁਲਾਕਾਤ ਕੀਤੀ ਗਈ।















