ਨਿਊਯਾਰਕ/ਬਰੈਂਪਟਨ, : ਕੈਨੇਡਾ ਦੇ ਸੂਬੇ ੳਨਟਾਰੀਉ ਦੇ ਹਾਈਵੇ 401 ‘ਤੇ ਪੋਰਟ ਹੋਪ ਦੇ ਨੇੜੇ ਸਾਲ 2017 ‘ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਦੇ ਦੋਸ਼ ਹੇਠ ਬਰੈਂਪਟਨ ਦੇ 56 ਸਾਲਾ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਹਾਦਸਾ 8 ਜੁਲਾਈ, ਸੰਨ 2017 ਨੂੰ ਵਾਪਰਿਆ ਸੀ । ਬਲਜਿੰਦਰ ਸਿੰਘ ਦਾ ਟਰਾਂਸਪੋਰਟ ਟਰੱਕ ਅੱਗੇ ਜਾ ਰਹੇ ਇਕ ਪਿਕਅੱਪ ਟਰੱਕ ਨਾਲ ਟਕਰਾ ਗਿਆ ਸੀ। ਇਸ ਮਗਰੋਂ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਪਿਕਅੱਪ ਟਰੱਕ ‘ਚ ਸਵਾਰ ਗਾਰਡੀਨਰ ਅਤੇ ਗਲੇਜ਼ੀਅਰ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂਕਿ ਸਿੰਘ ਇਸ ਹਾਦਸੇ ‘ਚ ਵਾਲ-ਵਾਲ ਬੱਚ ਗਿਆ। ਦੱਸਿਆ ਗਿਆ ਹੈ ਕਿ ਮੌਸਮ ਬਿਲਕੁੱਲ ਸਾਫ਼ ਸੀ ਅਤੇ ਸਾਹਮਣੇ ਮੌਜੂਦ ਪਿਕਅੱਪ ਟਰੱਕ ਨੇ ਫੋਰਵੇਅ ਫਲੈਸ਼ਰ ਵੀ ਜਗਾਏ ਹੋਏ ਸਨ ਪਰ ਬਲਜਿੰਦਰ ਸਿੰਘ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ ਪਿਕਅੱਪ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਬਲਜਿੰਦਰ ਸਿੰਘ ਸਾਲ 2007 ‘ਚ ਕੈਨੇਡਾ ਰਿਫੂਇਜੀ ਵਜੋਂ ਆਇਆ ਸੀ ਤੇ ਸਾਲ 2009 ਵਿਚ ਪੱਕਾ ਹੋ ਗਿਆ ਸੀ। ਬਲਜਿੰਦਰ ਸਿੰਘ ਨੇ ਸ਼ੁਰੂਆਤ ਗੁਰੂਘਰ ਦੇ ਪਾਠੀ ਦੇ ਤੌਰ ‘ਤੇ ਕੀਤੀ ਸੀ ਅਤੇ ਬਾਅਦ ਵਿਚ ਟਰੱਕ ਡਰਾਈਵਰ ਦਾ ਲਾਇਸੈਂਸ ਲਿਆ ਸੀ ਤੇ ਹਾਲੇ ਕੈਨੇਡੀਅਨ ਸਿਟੀਜਨਸ਼ਿਪ ਨਹੀਂ ਲਈ ਹੋਈ ਹੈ।















