ਕੇਜਰੀਵਾਲ ਨੇ ਕੋਰੋਨਾ ਵਿਰੁੱਧ ਲੜਨ ਵਾਲੇ ਭਾਰਤੀ ਡਾਕਟਰਾਂ ਲਈ ‘ਭਾਰਤ ਰਤਨ’ ਦੀ ਕੀਤੀ ਮੰਗ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ‘ਭਾਰਤੀ ਡਾਕਟਰਾਂ’ ਅਤੇ ਸਿਹਤ ਕਰਮੀਆਂ ਲਈ ਭਾਰਤ ਰਤਨ ਦੀ ਮੰਗ ਕੀਤੀ, ਜੋ ਕੋਰੋਨਾ ਵਿਰੁੱਧ ਲੜਾਈ ‘ਚ ਫਰੰਟਲਾਈਨ ‘ਚ ਸਨ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,”ਇਸ ਸਾਲ ‘ਭਾਰਤੀ ਡਾਕਟਰ’ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ‘ਭਾਰਤੀ ਡਾਕਟਰ’ ਮਤਲਬ ਸਾਰੇ ਡਾਕਟਰ, ਨਰਸ ਅਤੇ ਪੈਰਾ-ਮੈਡੀਕਸ ਹਨ। ਇਹ ਸ਼ਹੀਦ ਹੋਏ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਣੀ ਜਾਨ ਅਤੇ ਪਰਿਵਾਰ ਦੀ ਚਿੰਤਾ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਦਾ ਇਹ ਸਨਮਾਨ ਹੋਵੇਗਾ। ਪੂਰਾ ਦੇਸ਼ ਇਸ ਤੋਂ ਖ਼ੁਸ਼ ਹੋਵੇਗਾ।
ਦੱਸਣਯੋਗ ਹੈ ਕਿ ਦਿੱਲੀ ਸਰਕਾਰ ਕੋਰੋਨਾ ਕਾਰਨ ਸ਼ਹੀਦ ਹੋਏ ਡਾਕਟਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਰਾਸ਼ੀ ਆਰਥਿਕ ਮਦਦ ਵਜੋਂ ਦੇ ਰਹੀ ਹੈ। ਭਾਰਤੀ ਮੈਡੀਕਲ ਸੰਘ (ਆਈ.ਐੱਮ.ਏ.) ਵਲੋਂ ਮੱਧ ਜੂਨ ‘ਚ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਕੁੱਲ 730 ਡਾਕਟਰਾਂ ਦੀ ਜਾਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ ਹੈ। ਬਿਹਾਰ ‘ਚ ਸਭ ਤੋਂ ਵੱਧ 115 ਡਾਕਟਰਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦੋਂ ਕਿ ਦਿੱਲੀ ‘ਚ 109, ਉੱਤਰ ਪ੍ਰਦੇਸ਼ ‘ਚ 79, ਪੱਛਮੀ ਬੰਗਾਲ ‘ਚ 62, ਰਾਜਸਥਾਨ ‘ਚ 43, ਝਾਰਖੰਡ ‘ਚ 39 ਅਤੇ ਆਂਧਰਾ ਪ੍ਰਦੇਸ਼ ‘ਚ 38 ਡਾਕਟਰਾਂ ਨੇ ਮਹਾਮਾਰੀ ਨਾਲ ਜਾਨ ਗੁਆਈ ਹੈ। ਆਈ.ਐੱਮ.ਏ. ਅਨੁਸਾਰ ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ।