ਗਰਭਵਤੀਆਂ ਇੰਝ ਕਰਨ ਆਪਣੀ ਇਮਿਉਨਿਟੀ ਨੂੰ ਮਜ਼ਬੂਤ

ਕੋਰੋਨਾ ਨੇ ਦੁਨੀਆਂ ਭਰ ‘ਚ ਕਹਿਰ ਮਚਾਇਆ ਹੋਇਆ ਹੈ। ਉੱਧਰ ਹਰ ਉਮਰ ਦੇ ਲੋਕ ਇਸ ਦੀ ਚਪੇਟ ‘ਚ ਆ ਰਹੇ ਹਨ। ਅਜਿਹੇ ‘ਚ ਗਰਭਵਤੀ ਮਹਿਲਾਵਾਂ ਨੂੰ ਵੀ ਆਪਣਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਆਪਣੀ ਇਮਿਉਨਿਟੀ ਨੂੰ ਵਧਾਉਣ ‘ਤੇ ਧਿਆਨ ਦੇਣ। ਇਸ ਆਰਟੀਕਲ ‘ਚ ਤੁਹਾਨੂੰ ਗਰਭਅਵਸਥਾ ‘ਚ ਇਮਿਉਨਿਟੀ ਤੇਜ਼ ਕਰਨ ਦੇ ਕੁਝ ਖ਼ਾਸ ਅਤੇ ਆਸਾਨ ਉਪਾਅ ਦੱਸਦੇ ਹਾਂ।
ਹੈਲਦੀ ਹੋਵੇ ਖੁਰਾਕ – ਗਰਭਅਵਸਥਾ ‘ਚ ਮਹਿਲਾਵਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਅਸਲ ‘ਚ ਮਾਂ ਦੇ ਸਿਹਤਮੰਦ ਹੋਣ ਨਾਲ ਹੀ ਗਰਭ ‘ਚ ਪਲ ਰਹੇ ਬੱਚੇ ਦਾ ਬਿਹਤਰ ਵਿਕਾਸ ਹੋਣ ‘ਚ ਮਦਦ ਮਿਲਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ ‘ਚ ਵਾਇਟਾਮਿਨ ਬੀ, ਸੀ, ਓਮੇਗਾ 3 ਫ਼ੈਟੀ ਐਸਿਡ, ਐਂਟੀ-ਔਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਵਸਤੂਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਲਈ ਉਨ੍ਹਾਂ ਨੂੰ ਦਲੀਆ, ਸੁੱਕੇ ਮੇਵੇ, ਵਾਇਟਾਮਿਨ ਨਾਲ ਭਰਪੂਰ ਫ਼ਲ, ਹਰੀਆਂ ਸਬਜ਼ੀਆਂ, ਡਾਇਰੀ ਪ੍ਰੋਡਕਟਸ ਅਤੇ ਡਾਕਟਰ ਵਲੋਂ ਦੱਸੀਆਂ ਵਸਤੂਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਇਮਿਉਨਿਟੀ ਮਜ਼ਬੂਤ ਹੋਵੇਗੀ। ਅਜਿਹੇ ‘ਚ ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਰਹੇਗਾ।
ਸਹੀ ਮਾਤਰਾ ‘ਚ ਪੀਓ ਪਾਣੀ – ਗਰਮੀ ਦੇ ਮੌਸਮ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣੀ ਆਮ ਗੱਲ ਹੈ। ਨਾਲ ਹੀ ਇਸ ਦੌਰਾਨ ਸ਼ਰੀਰ ‘ਚੋਂ ਜ਼ਿਆਦਾ ਪਸੀਨਾ ਆਉਣ ਨਾਲ ਪੋਸ਼ਕ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਅਜਿਹੇ ‘ਚ ਇਸ ਸਮੱਸਿਆ ਤੋਂ ਬਚਣ ਲਈ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਉੱਧਰ ਤੁਸੀਂ ਚਾਹੋ ਤਾਂ ਭਰਪੂਰ ਫ਼ਲਾਂ ਦੀ ਵਰਤੋਂ ਵੀ ਕਰ ਸਕਦੇ ਹੋ।
ਹਲਦੀ ਵਾਲਾ ਦੁੱਧ ਪੀਣਾ ਰਹੇਗਾ ਫ਼ਾਇਦੇਮੰਦ – ਇਮਿਉਨਿਟੀ ਵਧਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਬਿਹਤਰ ਔਪਸ਼ਨ ਹੈ। ਇਸ ਨਾਲ ਸ਼ਰੀਰ ਦਾ ਇਨਫ਼ੈਕਸ਼ਨ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਹਲਦੀ ਅਤੇ ਦੁੱਧ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਸ਼ਰੀਰ ਨੂੰ ਫ਼੍ਰੀ ਰੈਡੀਕਲਜ਼ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਨਾਲ ਹੀ ਸਰਦੀ, ਖ਼ਾਂਸੀ, ਜ਼ੁਕਾਮ, ਗਲੇ ‘ਚ ਖਰਾਸ਼ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਗਰਭਅਵਸਥਾ ‘ਚ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਮੰਨੀ ਜਾਂਦੀ ਹੈ।
ਤਨਾਅ ਲੈਣ ਤੋਂ ਬਚੋ – ਇਸ ਦੌਰਾਨ ਮਹਿਲਾਵਾਂ ਨੂੰ ਚੰਗੀ ਖ਼ੁਰਾਕ ਲੈਣੀ ਕਾਫ਼ੀ ਨਹੀਂ ਹੁੰਦੀ ਹੈ। ਉਨ੍ਹਾਂ ਨੂੰ ਤਨਾਅ ਤੋਂ ਵੀ ਬਚਣਾ ਚਾਹੀਦਾ। ਇਕ ਰੀਸਰਚ ਅਨੁਸਾਰ ਪ੍ਰੈਗਨੈਂਸੀ ‘ਚ ਸਟਰੈੱਸ ਲੈਣ ਨਾਲ ਇਮਿਉਨਿਟੀ ਕਮਜ਼ੋਰ ਹੁੰਦੀ ਹੈ। ਉਹ ਬੱਚੇ ਦੇ ਬਿਹਤਰ ਵਿਕਾਸ ‘ਚ ਰੁਕਾਵਟ ਪੈਦਾ ਕਰਦੀ ਹੈ।
ਯੋਗਾ – ਗਰਭਅਵਸਥਾ ‘ਚ ਇਮਿਉਨਿਟੀ ਨੂੰ ਮਜ਼ਬੂਤ ਕਰਨ ਅਤੇ ਤਣਾਅ ਤੋਂ ਬਚਣ ਲਈ ਯੋਗਾ ਕਰਨਾ ਬਿਹਤਰ ਔਪਸ਼ਨ ਹੈ। ਇਸ ਨਾਲ ਮਾਂ ਅਤੇ ਬੱਚੇ ਦਾ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਹੋਣ ‘ਚ ਮਦਦ ਮਿਲੇਗੀ। ਅਜਿਹੇ ‘ਚ ਇਸ ਦੌਰਾਨ ਹਲਕੇ-ਫ਼ੁਲਕੇ ਯੋਗਾਸਨ ਕਰੋ।