ਬਵਾਸੀਰ ਦੇ ਕਾਰਨ, ਕਿਸਮਾਂ, ਲੱਛਣ ਅਤੇ ਇਲਾਜ

ਗੁੱਦੇ ਦੀਆਂ ਨਾੜੀਆਂ ਦੀ ਸੋਜਿਸ਼ ਨੂੰ ਬਵਾਸੀਰ ਕਿਹਾ ਜਾਂਦਾ ਹੈ ਅਤੇ ਪਖ਼ਾਨਾ ਕਰਨ ਲੱਗਿਆਂ ਛੋਟੀਆਂ ਨਾੜੀਆਂ ਦੀ ਪਰਤ ਜ਼ਿਆਦਾ ਖਿੱਚੀ ਜਾਂਦੀ ਹੈ ਅਤੇ ਪਤਲੀ ਹੋ ਜਾਂਦੀ ਹੈ। ਇਸ ਕਰ ਕੇ ਕਈ ਵਾਰ ਖਾਰਸ਼, ਬੇਆਰਾਮੀ ਅਤੇ ਖ਼ੂਨ ਨਿਕਲਣ ਲਗ ਜਾਂਦਾ ਹੈ। ਕਦੇ ਕਦੇ ਨਾੜੀਆਂ ਦੀ ਸੋਜਿਸ਼ ਜ਼ਿਆਦਾ ਵੱਧ ਜਾਂਦੀ ਹੈ ਅਤੇ ਗੁੱਦੇ ਦੇ ਰਸਤੇ ਤੋਂ ਬਾਹਰ ਢਿਲਕਣ ਲੱਗ ਜਾਂਦੀਆਂ ਹਨ। ਅਕਸਰ ਇਹ ਖ਼ੁਦ ਹੀ ਅੰਦਰ ਚਲੀਆਂ ਜਾਂਦੀਆਂ ਹਨ ਨਹੀਂ ਤਾਂ ਹੱਥ ਨਾਲ ਹੌਲੀ ਹੌਲੀ ਅੰਦਰ ਕੀਤੀਆਂ ਜਾ ਸਕਦੀਆਂ ਹਨ।
ਬਵਾਸੀਰ ਦੀਆਂ ਕਿਸਮਾਂ
ਅੰਦਰੂਨੀ ਬਵਾਸੀਰ – ਜਦੋਂ ਬਵਾਸੀਰ ਗੁੱਦੇ ਦੇ ਅੰਦਰਲੇ ਹਿੱਸੇ ‘ਚ ਹੋਵੇ ਤਾਂ ਇਸ ਨੂੰ ਪੀੜਤ ਨਾ ਦੇਖ ਸਕਦੈ ਅਤੇ ਨਾ ਮਹਿਸੂਸ ਕਰ ਸਕਦਾ ਹੈ। ਇਸ ਵਿੱਚ ਦਰਦ ਵੀ ਘੱਟ ਹੁੰਦਾ ਹੈ ਅਤੇ ਖ਼ੂਨ ਨਿਕਲਣਾ ਹੀ ਇਸ ਦਾ ਪ੍ਰਮੁੱਖ ਲੱਛਣ ਹੈ।
ਬਾਹਰੀ ਬਵਾਸੀਰ – ਜਦੋਂ ਬਵਾਸੀਰ ਗੁੱਦੇ ਦੇ ਬਾਹਰਲੇ ਹਿੱਸੇ ਦੀ ਚਮੜੀ ‘ਚ ਹੋਵੇ ਤਾਂ ਇਸ ਵਿੱਚ ਖ਼ੂਨ ਨਿਕਲਣ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ। ਕਈ ਵਾਰੀ ਖ਼ੂਨ ਅੰਦਰ ਜੰਮ ਕੇ ਚਮੜੀ ਦਾ ਰੰਗ ਨੀਲਾ ਕਰ ਦਿੰਦਾ ਹੈ ਜਿਸ ਕਰ ਕੇ ਖਾਰਸ਼ ਅਤੇ ਦਰਦ ਹੁੰਦਾ ਹੈ। ਖ਼ੂਨ ਬਾਹਰ ਨਿਕਲਣ ਤੋਂ ਬਾਅਦ ਪਿੱਛੇ ਬਚੀ ਸੁੰਗੜੀ ਹੋਈ ਚਮੜੀ ਪਰੇਸ਼ਾਨ ਕਰਦੀ ਹੈ।
ਬਵਾਸੀਰ ਦੇ ਕਾਰਨ – ਨਾੜੀਆਂ ਵਿੱਚ ਦਬਾਅ ਵੱਧ ਜਾਣ ਕਾਰਨ ਨਾੜੀਆਂ ‘ਚ ਸੋਜਿਸ਼ ਆ ਜਾਂਦੀ ਹੈ ਅਤੇ ਨਾੜੀਆਂ ਵਿੱਚ ਖ਼ੂਨ ਨਾਲ ਭਰ ਜਾਂਦੀਆਂ ਹਨ। ਇਸ ਕਰ ਕੇ ਨਾੜੀਆਂ ਫ਼ੁਲ ਜਾਂਦੀਆਂ ਹਨ ਜਿਸ ਨਾਲ ਤਕਲੀਫ਼ ਹੁੰਦੀ ਹੈ। ਪੁਰਾਣੀ ਕਬਜ਼ੀ ਜਾਂ ਦਸਤ, ਪਖ਼ਾਨਾ ਕਰਨ ਲੱਗੇ ਜ਼ਿਆਦਾ ਜ਼ੋਰ ਲਗਾਉਣਾ, ਟੌਇਲਟ ਸੀਟ ਉੱਪਰ ਲੰਬੇ ਸਮੇਂ ਤਕ ਬੈਠਣਾ, ਮੋਟਾਪਾ, ਗਰਬ-ਅਵਸਥਾ, ਘੱਟ ਫ਼ਾਈਬਰ ਵਾਲਾ ਭੋਜਨ ਜਿਸ ਕਾਰਨ ਪਖ਼ਾਨਾ ਸਖ਼ਤ ਹੋ ਜਾਂਦਾ ਹੈ। ਬਜ਼ੁਰਗ ਅਵਸਥਾ ਵੀ ਇੱਕ ਕਾਰਨ ਹੈ।
ਬਵਾਸੀਰ ਦੇ ਲੱਛਣ – ਗੁੱਦੇ ਦੇ ਆਲੇ ਦੁਆਲੇ ਖਾਰਸ਼ ਜਾਂ ਜਲਨ ਹੋਣਾ। ਪਖ਼ਾਨੇ ਨਾਲ ਖ਼ੂਨ ਆਉਣਾ। ਗੁੱਦੇ ਦੇ ਆਲੇ ਦੁਆਲੇ ਸੋਜਿਸ਼ ਅਤੇ ਗੰਢ ਹੋਣਾ।
ਬਵਾਸੀਰ ਦਾ ਪ੍ਰਹੇਜ਼ – ਬਵਾਸੀਰ ਦਾ ਸਭ ਤੋਂ ਆਸਾਨ ਪ੍ਰਹੇਜ਼ ਹੈ ਕਿ ਕਬਜ਼ ਨਾ ਹੋਣ ਦਿਓ। ਖਾਣੇ ‘ਚ ਫ਼ਾਈਬਰ ਦੀ ਮਾਤਰਾ ਵਧਾਓ। ਦਿਨ ਵਿੱਚ ਘਟੋ ਘੱਟ 25 ਤੋਂ 30 ਗ੍ਰਾਮ ਫ਼ਾਈਬਰ ਵਾਲੇ ਖਾਣੇ ਦਾ ਸੇਵਨ ਕਰੋ। ਦਾਲਾਂ, ਮਟਰ, ਫ਼ਲਿਆਂ, ਕਣਕ, ਬ੍ਰੌਕਲੀ, ਬ੍ਰੈੱਡ, ਰਾਜਮਾ, ਸੇਬ, ਕੇਲੇ ਆਦਿ ‘ਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਵੱਧ ਤੋਂ ਵੱਧ ਪਾਣੀ ਪੀਓ ਜਿਸ ਨਾਲ ਕਬਜ਼ ਨਹੀਂ ਹੋਵੇਗੀ। ਹਲਕੀ ਕਸਰਤ ਕਰੋ। ਪਖ਼ਾਨੇ ਦੀ ਹਾਜ਼ਤ ਨੂੰ ਨਜ਼ਰ ਅੰਦਾਜ਼ ਨਾ ਕਰੋ। ਟੌਇਲਟ ਜਾਣ ਲਈ ਸਿਰਫ਼ ਇੱਕ ਨਿਯਮਿਤ ਸਮੇਂ ਨਾ ਰੱਖੋ। ਜੇਕਰ ਤੁਹਾਨੂੰ ਪਖ਼ਾਨੇ ਦੀ ਹਾਜ਼ਤ ਹੁੰਦੀ ਹੈ ਤਾਂ ਇੰਤਜ਼ਾਰ ਨਾ ਕਰੋ। ਟਾਲਣ ਨਾਲ ਪਖ਼ਾਨੇ ਸਖ਼ਤ ਹੋ ਸਕਦੇ ਹਨ। ਜ਼ੋਰ ਲਗਾਉਣ ਤੋਂ ਪ੍ਰਹੇਜ਼ ਕਰੋ। ਜ਼ੋਰ ਲਗਾਉਣ ਨਾਲ਼ ਨਾੜੀਆਂ ‘ਚ ਦਬਾਅ ਵੱਧ ਜਾਂਦਾ ਹੈ।
ਬਵਾਸੀਰ ਦਾ ਇਲਾਜ਼ – ਖੁਲ੍ਹੇ ਅਤੇ ਆਰਾਮਦਾਇਕ ਕੱਪੜੇ ਪਹਿਨੋ। ਸਿਨਥੈਟਿਕ ਕੱਪੜਿਆਂ ਦੀ ਜਗ੍ਹਾ ਕੌਟਨ ਤੋਂ ਬਣੇ ਕੱਪੜਿਆਂ ਨੂੰ ਤਰਜੀਹ ਦਿਓ। ਬਰਫ਼ ਨੂੰ ਕਿਸੇ ਕੱਪੜੇ ਜਾਂ ਤੋਲੀਏ ‘ਚ ਪਾ ਕੇ ਟਕੋਰ ਕਰੋ। ਇਸ ਨਾਲ ਦਰਦ ਅਤੇ ਸੋਜਿਸ਼ ਨੂੰ ਕੁਝ ਸਮੇਂ ਲਈ ਆਰਾਮ ਮਿਲੇਗਾ। ਕਵਾਂਰ ਗੰਦਲ ਦੀ ਜੈੱਲ ਨੂੰ ਗੁੱਦੇ ਦੀ ਚਮੜੀ ਤੇ ਲਗਾਉਣ ਨਾਲ ਖਾਰਸ਼ ਅਤੇ ਜਲਣ ਘੱਟ ਜਾਂਦੀ ਹੈ। ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਚਮੜੀ ਨੂੰ ਚੰਗੀ ਤਰ੍ਹਾਂ ਸੁੱਕਾ ਲਵੋ। ਇਸ ਨਾਲ ਜਲੂਣ ਅਤੇ ਜਲਣ ਨੂੰ ਅਰਾਮ ਮਿਲੇਗਾ। ਖਾਰਸ਼ ਹੋਣ ‘ਤੇ ਗੁੱਦੇ ਦੀ ਚਮੜੀ ‘ਤੇ ਖੁਰਕ ਨਾ ਕਰੋ।