ਕੈਪਟਨ ਖ਼ਿਲਾਫ਼ ਜੇ. ਜੇ. ਸਿੰਘ ਦੇ ਹਮਲੇ ਜਾਰੀ, ਟਵਿੱਟਰ ‘ਤੇ ਫਿਰ ਦਿਖਾਏ ਤਲਖ਼ ਤੇਵਰ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਸਾਬਕਾ ਜਨਰਲ ਜੇ. ਜੇ. ਸਿੰਘ ਦੇ ਹਮਲੇ ਲਗਾਤਾਰ ਜਾਰੀ ਹੈ। ਜਨਰਲ ਜੇ. ਜੇ. ਸਿੰਘ ਨੇ ਇਕ ਵਾਰ ਫਿਰ ਟਵਿੱਟਰ ‘ਤੇ ਤਲਖ਼ ਤੇਵਰ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸ਼ਬਦੀ ਹਮਲਾ ਕੀਤਾ ਹੈ। ਜਨਰਲ ਜੇ. ਜੇ. ਸਿੰਘ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ।
ਉਨ੍ਹਾਂ ਨੇ ਕੈਪਟਨ ਵੱਲ ਇਸ਼ਾਰਾ ਕਰਦਿਆਂ ਲਿਖਿਆ ਹੈ ਕਿ ਉੱਚੇ ਘਰਾਣਿਆਂ ਨੇ ਸਦਾ ਪੰਜਾਬ ਦੇ ਗਰੀਬ ਲੋਕਾਂ ਦਾ ਲਹੂ ਪੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਨ੍ਹਾਂ ਤੋਂ ਇਨਸਾਫ਼ ਦੀ ਆਸ ਰੱਖਣਾ ਬਹੁਤ ਵੱਡੀ ਭੁੱਲ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਦੀ ਟਿੱਪਣੀ ਦਾ ਜੇ. ਜੇ. ਸਿੰਘ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਸੀ। ਜੇ. ਜੇ. ਸਿੰਘ ਨੇ ਟਵੀਟ ਕੀਤਾ ਸੀ ਕਿ ਕੈਪਟਨ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਉਨ੍ਹਾਂ ਨੇ ਵੀ ਪਟਿਆਲਾ ਤੋਂ ਜ਼ਮਾਨਤ ਜ਼ਬਤ ਕਰਵਾਈ ਹੈ।
ਜੇ. ਜੇ. ਸਿੰਘ ਦਾ ਇਹ ਟਵੀਟ ਕੈਪਟਨ ਦੇ ਉਸ ਬਿਆਨ ਦਾ ਜਵਾਬ ਸੀ, ਜਿਸ ਵਿਚ ਕੈਪਟਨ ਨੇ ਜੇ. ਜੇ. ਸਿੰਘ ਦੀ ਸਾਲ 2017 ਦੀ ਪਟਿਆਲਾ ਵਿਧਾਨ ਸਭਾ ਚੋਣ ਵਿਚ ਜ਼ਮਾਨਤ ਜ਼ਬਤ ਕਰਵਾਉਣ ਦੀ ਗੱਲ ਕਹੀ ਸੀ।