ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦਰਮਿਆਨ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ‘ਚ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਮੁਫ਼ਤ ਵੈਕਸੀਨ ਦਿੱਤੀ ਜਾਵੇਗੀ। ਕੇਜਰੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ ਨੇ 1.34 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਹੈ। ਇਕ ਮਈ ਤੋਂ ਦਿੱਲੀ ‘ਚ ਵੈਕਸੀਨੇਸ਼ਨ ਦਾ ਕੰਮ ਵੱਡੇ ਪੱਧਰ ‘ਤੇ ਕੀਤਾ ਜਾਵੇਗਾ।
ਕੇਜਰੀਵਾਲ ਨੇ ਵੈਕਸੀਨ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ, ਸੂਬੇ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਕ ਹੀ ਕੀਮਤ ‘ਚ ਵੈਕਸੀਨ ਮਿਲਣੀ ਚਾਹੀਦੀ ਹੈ। ਵੈਕਸੀਨ ਨਿਰਮਾਤਾਵਾਂ ਦਾ ਦਾਅਵਾ ਹੈ ਕਿ 150 ਰੁਪਏ ਦੀ ਵੈਕਸੀਨ ‘ਚ ਵੀ ਫ਼ਾਇਦਾ ਹੋ ਰਿਹਾ ਹੈ ਤਾਂ ਫਿਰ ਵੱਖ-ਵੱਖ ਕੀਮਤਾਂ ਕਿਉਂ ਰੱਖੀਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਪੂਰੀ ਜ਼ਿੰਦਗੀ ਲਾਭ ਕਮਾਉਣ ਲਈ ਪਈ ਹੈ, ਅਜਿਹੇ ‘ਚ ਸੂਬਾ ਸਰਕਾਰਾਂ ਨੂੰ ਘੱਟ ਕੀਮਤ ‘ਤੇ ਵੈਕਸੀਨ ਮਿਲਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਇਸ ‘ਚ ਦਖ਼ਲ ਦੇਣਾ ਚਾਹੀਦਾ। ਦੱਸਣਯੋਗ ਹੈ ਕਿ 1 ਮਈ ਤੋਂ ਦੇਸ਼ ‘ਚ ਟੀਕਾਕਰਨ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਤੀਜੇ ਪੜਾਅ ‘ਚ ਸੂਬਾ ਸਰਕਾਰਾਂ ਖ਼ੁਦ ਵੈਕਸੀਨ ਨਿਰਮਾਤਾਵਾਂ ਤੋਂ ਵੈਕਸੀਨ ਲੈ ਸਕਦੀਆਂ ਹਨ।














