ਪਤੀਆਂ ਲਈ ਵੱਕਾਰ ਦਾ ਸਵਾਲ ਬਣੀ ਪਤਨੀਆਂ ਦੀ ਚੋਣ

7ਮੰਡੀ ਡੱਬਵਾਲੀ – ਹਰਿਆਣੇ ‘ਚ ਇਸ ਮਹੀਨੇ ਦੀ 22 ਤਾਰੀਖ ਨੂੰ ਨਗਰ ਚੋਣਾਂ ਹੋਣਗੀਆਂ ਜਿਸ ਵਿੱਚ ਸੂਬੇ ਦੀਆਂ 15 ਨਗਰ ਪ੍ਰੀਸ਼ਦ ਅਤੇ 28 ਨਗਰ ਪਾਲਿਕਾਵਾਂ ਸ਼ਾਮਲ ਹਨ । ਇਨ੍ਹਾਂ ਚੋਣਾਂ ਲਈ ਸੂਬੇ ‘ਚ ਚੋਣ ਮੈਦਾਨ ਭਖ ਗਿਆ ਹੈ । ਇਨ੍ਹਾਂ ਚੋਣਾਂ ਵਿੱਚ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਚੋਣ ਨਿਸ਼ਾਨ ‘ਤੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਪਰ ਸਿਆਸੀ ਪਾਰਟੀਆਂ ਨੇ ਆਪਣੇ ਸਮੱਰਥਕ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ । ਸਮੂਹ ਆਿਸੀ ਪਾਰਟੀਆਂ ਦੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਆਗੂ ਤੱਕ ਇਨ੍ਹਾਂ ਚੋਣਾਂ ‘ਚ ਆਪਣੇ ਸਮੱਰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ । ਸੂਬੇ ਦੇ ਵੱਖ-ਵੱਖ ਵਰਗਾਂ ਦੇ ਇੱਕ ਸਾਂਝੇ ਵਫ਼ਦ ਦਾ ਕਹਿਣਾ ਹੈ ਕਿ ਨਗਰ ਚੋਣਾਂ ਦੇ ਨਤੀਜੇ ਸੂਬੇ ਦੀ ਸਿਆਸਤ ‘ਤੇ ਵੀ ਅਸਰ ਪਾਉਣਗੇ । ਇਸ ਲਈ ਸਿਆਸੀ ਪਾਰਟੀਆਂ ਇਹ ਚੋਣਾਂ ਵੱਕਾਰ ਦਾ ਸਵਾਲ ਬਣਾ ਕੇ ਲੜ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਸਮੱਰਥਕ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕਣ । ਹਰਿਆਣੇ ‘ਚ ਨਗਰ ਚੋਣਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ-ਸਮੱਰਥਕਾਂ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ । ਬਹੁਤੇ ਆਗੂ ਅਤੇ ਸਮੱਰਥਕ ਅਜਿਹੇ ਹਨ ਜੋ ਆਪਣੀ ਪਤਨੀਆਂ ਦੇ ਸਹਾਰੇ ਚੋਣ ਮੈਦਾਨ ਵਿੱਚ ਸਿਆਸੀ ਲੜਾਈ ਲੜ ਰਹੇ ਹਨ । ਪਤਨੀਆਂ ਦੀ ਜਿੱਤ-ਹਾਰ ਹੀ ਇਨ੍ਹਾਂ ਸਿਆਸੀ ਆਗੂਆਂ-ਸਮੱਰਥਕਾਂ ਦਾ ਭਵਿੱਖ ਤੈਅ ਕਰੇਗੀ । ਇਹੋ ਕਾਰਨ ਹੈ ਕਿ ਪਤਨੀਆਂ ਦੀ ਜਿੱਤ ਲਈ ਪਤੀਆਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਪਤਨੀਆਂ ਲਈ ਵੋਟ ਮੰਗਣ ਲਈ ਵੋਟਰਾਂ ਲੱਗੇ ਲੇਡਣੀਆਂ ਕੱਢ ਰਹੇ ਹਨ । ਇਸ ਸਮੇਂ ਸੂਬੇ ‘ਚ ਇਨ੍ਹਾਂ ਚੋਣਾਂ ਲਈ ਮੈਦਾਨ ਭਖ ਗਿਆ ਹੈ । ਉਮੀਦਵਾਰ ਅਤੇ ਇਨ੍ਹਾਂ ਦੇ ਸਮੱਰਥਕ ਤਾਂ ਸਰਗਰਮ ਦਿਖਾਈ ਦੇ ਰਹੇ ਹਨ ਜਦੋਂ ਕਿ ਆਮ ਲੋਕ ਖਾਮੋਸ਼ ਨਜ਼ਰ ਆ ਰਹੇ ਹਨ । ਉਹ ਖੁੱਲ੍ਹ ਕੇ ਕਿਸੇ ਨਾਲ ਚੱਲਣ ਤੋਂ ਕਤਰਾਉਂਦੇ ਹਨ ।