ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦਾ ਗੋਲ਼ੀ ਮਾਰ ਕੇ ਕਤਲ

ਪਾਕਿਸਤਾਨ – ਪਾਕਿਸਤਾਨ ਦੇ ਸ਼ਹਿਰ ਸੂਕਰ ’ਚ ਇਕ ਹਿੰਦੂ ਪੱਤਰਕਾਰ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਜੇ ਲਾਲਵਾਨੀ ਪਾਕਿ ਦੇ ਰਾਇਲ ਨਿਊਜ਼ ਟੀ. ਵੀ. ਦੇ ਰਿਪੋਰਟਰ ਸਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਹਿੰਦੂ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਅਜੇ ਨਾਈ ਦੀ ਦੁਕਾਨ ’ਤੇ ਵਾਲ ਕਟਵਾਉਣ ਲਈ ਆਇਆ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ, ਉਦੋਂ ਮੋਟਰਸਾਈਕਲਾਂ ’ਤੇ 4 ਅਣਪਛਾਤੇ ਬੰਦੂਕਧਾਰੀ ਆਏ ਅਤੇ ਅਜੇ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਸੂਕਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇੰਟਰਨੈਸ਼ਨਲ ਪ੍ਰੈਸ ਇੰਸਟੀਚਿਊਟ (ਆਈ.ਪੀ.ਆਈ.) ਨੇ ਲਾਲਵਾਨੀ ਦਾ ਬੇਰਹਿਮੀ ਨਾਲ ਕੀਤਾ ਗਏ ਕਤਲ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਲਾਲਵਾਨੀ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ। ਸਿੰਧ ਜਰਨਲਿਸਟਸ ਕੌਂਸਲ (ਐਸ.ਜੇ.ਸੀ.) ਨੇ ਸੂਬੇ ਦੇ ਮੁੱਖ ਮੰਤਰੀ ਅਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਬਿਨਾਂ ਦੇਰੀ ਕੀਤੇ ਬੰਦੂਕਧਾਰੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾਵੇ।