ਬਲੀਵੁੱਡ ਅਦਾਕਾਰਾ ਜਾਨਹਵੀ ਕਪੂਰ, ਰਾਜਕੁਮਾਰ ਰਾਵ ਅਤੇ ਵਰੁਣ ਸ਼ਰਮਾ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ਰੂਹੀ 11 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਕਾਫ਼ੀ ਉਤਸ਼ਾਹ ਬਣਿਆ ਹੋਇਆ ਸੀ। ਉੱਥੇ ਹੀ ਕੋਰੋਨਾਵਾਇਰਸ ਮਹਾਂਮਾਰੀ ਦੇ ਪੂਰੇ ਇੱਕ ਸਾਲ ਬਾਅਦ ਕੋਈ ਵੱਡੀਆਂ ਫ਼ਿਲਮਾਂ ਸਿਨੇਮਾਘਰਾਂ ‘ਚ ਰਿਲੀਜ਼ ਹੋਈਆਂ ਹਨ। ਫ਼ਿਲਮ ਰੂਹੀ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਵਾਰ ਫ਼ਿਰ ਤੋਂ ਸਿਨੇਮਾਘਰਾਂ ‘ਚ ਵਾਪਿਸ ਲਿਆਉਣ ‘ਚ ਕਾਮਯਾਬ ਹੋਵੇਗੀ ਅਤੇ ਚੰਗੀ ਕੋਲੈਕਸ਼ਨ ਕਰੇਗੀ। ਉੱਥੇ ਹੀ ਸ਼ਿਵਰਾਤਰੀ ਦੇ ਮੌਕੇ ਰਿਲੀਜ਼ ਹੋਈ ਫ਼ਿਲਮ ਰੂਹੀ ਨੂੰ ਦਰਸ਼ਕਾਂ ਦਾ ਚੰਗਾ ਰਿਸਪੌਂਸ ਮਿਲ ਰਿਹਾ ਹੈ।
ਦੱਸ ਦਈਏ ਕਿ ਰੂਹੀ ਨੇ ਪਹਿਲੇ ਦਿਨ 3.06 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। ਕੋਵਿਡ-19 ਦੇ ਚੱਲਦੇ ਲੰਬੇ ਸਮੇਂ ਤਕ ਸਿਨੇਮਾਘਰ ਬੰਦ ਰਹੇ ਸਨ ਅਤੇ ਹੁਣ ਕਈ ਮਹੀਨਿਆਂ ਬਾਅਦ ਥਿਏਟਰ ‘ਚ ਕੋਈ ਫ਼ਿਲਮ ਰਿਲੀਜ਼ ਹੋਈ ਹੈ। ਅਜਿਹੇ ‘ਚ ਤਿੰਨ ਕਰੋੜ ਦੀ ਕਮਾਈ ਕਰਨਾ ਵੱਡੀ ਗੱਲ ਹੈ। ਉਮੀਦ ਹੈ ਕਿ ਇਹ ਫ਼ਿਲਮ ਹੋਰ ਵੀ ਚੰਗੀ ਕਮਾਈ ਕਰੇਗੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ‘ਚ ਸਿਨੇਮਾਘਰਾਂ ਰਿਲੀਜ਼ ਹੋਣ ਵਾਲੀ ਫ਼ਿਲਮ ਇਰਫ਼ਾਨ ਖ਼ਾਨ ਤੇ ਕਰੀਨਾ ਕਪੂਰ ਸਟਾਰਰ ਅੰਗਰੇਜ਼ੀ ਮੀਡੀਅਮ ਸੀ। ਇਹ ਫ਼ਿਲਮ ਪਿਛਲੇ ਸਾਲ 13 ਮਾਰਚ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਹੁਣ ਵੱਡੀ ਫ਼ਿਲਮ ਰੂਹੀ ਨੇ ਸਿਨੇਮਾਘਰ ‘ਤੇ ਦਸਤਕ ਦਿੱਤੀ ਹੈ।











