ਬੌਲੀਵੁਡ ਤੋਂ ਹੌਲੀਵੁਡ ਤਕ ਨਾਂ ਕਮਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਵਿਆਹ ਕਰ ਕੇ ਭਲੇ ਹੀ ਵਿਦੇਸ਼ ‘ਚ ਵੱਸ ਗਈ ਹੈ, ਪਰ ਉਹ ਆਪਣੇ ਦੇਸੀ ਅੰਦਾਜ਼ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਅਦਾਕਾਰਾ ਹਮੇਸ਼ਾ ਕਿਸੇ ਨਾ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਦੇਸੀ ਰੀਤੀ-ਰਿਵਾਜ ਨਾਲ ਹੀ ਕਰਦੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਉਸ ਨੇ ਵਿਦੇਸ਼ ‘ਚ ਭਾਰਤੀ ਖਾਣ ਨੂੰ ਮਸ਼ਹੂਰ ਕਰਨ ਦਾ ਫ਼ੈਸਲਾ ਲਿਆ ਹੈ ਭਾਵ ਅਦਾਕਾਰਾ ਨੇ ਨਿਊ ਯੌਰਕ ‘ਚ ਭਾਰਤੀ ਰੈਸਟੋਰੈਂਟ ਖੋਲ੍ਹਿਆ ਹੈ।
ਇਸ ਗੱਲ ਦੀ ਜਾਣਕਾਰੀ ਪ੍ਰਿਯੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਇਸ ਰੈਸਟੋਰੈਂਟ ਦਾ ਉਦਘਾਟਨ ਵੀ ਉਨ੍ਹਾਂ ਨੇ ਪਤੀ ਨਿਕ ਜੋਨਸ ਦੇ ਨਾਲ ਭਾਰਤੀ ਰੀਤੀ-ਰਿਵਾਜ ਨਾਲ ਕੀਤਾ। ਪ੍ਰਿਯੰਕਾ ਚੋਪੜਾ ਦੇ ਭਾਰਤੀ ਰੈਸਟੋਰੈਂਟ ਦਾ ਨਾਂ ਸੋਨਾ ਹੈ। ਉਨ੍ਹਾਂ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ‘ਚੋਂ ਇੱਕ ਤਸਵੀਰ ‘ਚ ਉਨ੍ਹਾਂ ਦੇ ਰੈਸਟੋਰੈਂਟ ਦਾ ਨਾਂ ਨਜ਼ਰ ਆ ਰਿਹਾ ਹੈ। ਬਾਕੀ ਦੋ ਤਸਵੀਰਾਂ ‘ਚ ਪ੍ਰਿਯੰਕਾ ਪਤੀ ਨਿਕ ਦੇ ਨਾਲ ਉਦਘਾਟਨ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਇਹ ਨਜ਼ਾਰਾ ਦੇਖਣ ‘ਚ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ।
ਤਸਵੀਰਾਂ ਸਾਂਝੀਆਂ ਕਰਦੇ ਹੋਏ ਪੀਸੀ ਨੇ ਇਸ ਦੇ ਨਾਲ ਪੋਸਟ ‘ਚ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ, ”ਮੈਂ ਤੁਹਾਡੇ ਸਾਹਮਣੇ ਸੋਨਾ ਨੂੰ ਪੇਸ਼ ਕਰਦੇ ਹੋਏ ਬਹੁਤ ਰੋਮਾਂਚਿਤ ਮਹਿਸੂਸ ਕਰ ਰਹੀ ਹੈ। ਨਿਊ ਯੌਰਕ ਸਿਟੀ ‘ਚ ਇੱਕ ਨਵਾਂ ਰੈਸਟੋਰੈਂਟ ਜਿੱਥੇ ਮੈਂ ਭਾਰਤੀ ਖਾਣੇ ਲਈ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਸੋਨਾ ਰੈਸਟੋਰੈਂਟ ਉਨ੍ਹਾਂ ਭਾਰਤੀ ਖਾਣਿਆਂ ਦਾ ਪ੍ਰਤੀਕ ਹੈ ਜਿਨ੍ਹਾਂ ਦੇ ਨਾਲ ਮੈਂ ਵੱਡੀ ਹੋਈ ਹਾਂ।”
ਅਦਾਕਾਰਾ ਨੇ ਅੱਗੇ ਲਿਖਿਆ, ”ਰਸੋਈ ਦਾ ਸੰਚਾਲਨ ਕਰਨਗੇ ਸ਼ੈੱਫ਼ ਹਰੀ ਨਾਇਕ ਜੋ ਬੇਹੱਦ ਟੈਲੇਂਟਿਡ ਹਨ। ਉਨ੍ਹਾਂ ਨੇ ਬਹੁਤ ਵਧੀਆ ਮੈਨਿਊ ਤਿਆਰ ਕੀਤਾ ਹੈ। ਜੋ ਤੁਹਾਨੂੰ ਮੇਰੇ ਦੇਸ਼ ਦੇ ਖਾਣੇ ਦੇ ਸਫ਼ਰ ‘ਤੇ ਲੈ ਜਾਵੇਗਾ। ਸੋਨਾ ਰੈਸਟੋਰੈਂਟ ਇਸ ਮਹੀਨੇ ਖੁੱਲ੍ਹ ਰਿਹਾ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਉਥੇ ਦੇਖਣ ਦੀ ਉਡੀਕ ਨਹੀਂ ਕਰ ਸਕਦੀ। ਇਹ ਕੋਸ਼ਿਸ਼ ਮੇਰੇ ਦੋਸਤ ਮਨੀਸ਼ ਗੋਇਲ ਅਤੇ ਡੇਵਿਡ ਰੌਬਿਨ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ।
ਪ੍ਰਿਯੰਕਾ ਚੋਪੜਾ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਤੇ ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੇ ਪਹਿਲੇ ਰੈਸਟੋਰੈਂਟ ਲਈ ਵਧਾਈ ਦੇ ਰਹੇ ਹਨ। ਰੈਸਟੋਰੈਂਟ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਆਪਣੀ ਕਿਤਾਬ ਅਨਫ਼ਿਨਿਸ਼ਡ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਹੈ ਜਿਸ ‘ਚ ਉਸ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਅਨਸੁਣੇ ਕਿੱਸੇ ਸਾਂਝੇ ਕੀਤੇ ਹਨ।












