ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫ਼ਿਲਮ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ‘ਚ ਬੋਲਣ ‘ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ ਪਰੇਸ਼ਾਨ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਥੇ ਜਾਰੀ ਕੀਤੇ ਇੱਕ ਬਿਆਨ ‘ਚ ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨਾਂ ਦੀ ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਵਲੋਂ ਤਾਪਸੀ ਪੰਨੂ ਨੁੰ ਕਿਹਾ ਜਾ ਰਿਹਾ ਹੈ ਕਿ ਉਹ ਮੰਨੇ ਕਿ ਉਸ ਦਾ ਪੈਰਿਸ ‘ਚ ਘਰ ਹੈ, ਉਸ ਨੇ ਪੰਜ ਕਰੋੜ ਰੁਪਏ ਨਗਦ ਲਏ ਸਨ ਅਤੇ 2013 ‘ਚ ਵੀ ਇਸ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ।
ਕਿਸਾਨ ਅੰਦੋਲਨ ਦੇ ਹੱਕ ‘ਚ ਬੋਲਣ ਵਾਲੇ ਘਰ ਪਹੁੰਚ ਜਾਂਦੀ ਹੈ CBI
ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁੱਝ ਓਦੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਤਾਪਸੀ ਦੇ ਪਿਤਾ ਨੇ ਸਾਰਾ ਰਿਕਾਰਡ ਬਕਾਇਦਾ ਰੱਖਿਆ ਹੋਇਆ ਹੈ ਅਤੇ ਹਰ ਪੈਸੇ ਦਾ ਹਿਸਾਬ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ‘ਚ ਇਹ ਹੁਣ ਰੁਝਾਨ ਬਣ ਗਿਆ ਹੈ ਕਿ ਜੋ ਵੀ ਕਿਸਾਨ ਅੰਦੋਲਨ ਦੇ ਹੱਕ ‘ਚ ਬੋਲਦਾ ਹੈ ਕਦੇ ਉਸਦੇ ਘਰ CBI ਪਹੁੰਚ ਜਾਂਦੀ ਹੈ, ਕਦੇ ਦਿੱਲੀ ਪੁਲੀਸ, ਕਦੇ ED, ਕਦੇ ਇਨਕਮ ਟੈਕਸ ਵਾਲੇ ਅਤੇ ਕਦੇ ਹੋਰ ਸਰਕਾਰੀ ਏਜੰਸੀ ਕਿਸਾਨ ਅੰਦੋਲਨ ਦੇ ਹਮਾਇਤੀਆਂ ‘ਤੇ ਛੱਡ ਦਿੱਤੀ ਜਾਂਦੀ ਹੈ।
ਕਿਸਾਨਾਂ ਨੂੰ ਅਤਿਵਾਦੀ ਦੱਸਣ ਵਾਲੀ ਕੰਗਨਾ ਕੋਲ ਹੈ ਵਾਈ ਪਲੱਸ ਸੈਕਿਓਰਿਟੀ
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਿਸਾਨਾਂ ਨੂੰ ਅਤਿਵਾਦੀ ਦੱਸਣ ਵਾਲੀ ਅਤੇ ਕਿਸਾਨ ਮਾਵਾਂ ਨੁੰ ਵਿਕਾਊ ਦੱਸਣ ਵਾਲੀ ਅਤੇ ਸੋਸ਼ਲ ਮੀਡੀਆ ‘ਤੇ ਭੜਕਾਊ ਨਫ਼ਰਤ ਫ਼ੈਲਾਉਣ ਵਾਲੀ ਕੰਗਨਾ ਰਣੌਤ ਨੂੰ ਸਰਕਾਰ ਨੇ ਵਾਈ ਪਲੱਸ ਸੈਕਿਓਰਿਟੀ ਪ੍ਰਦਾਨ ਕਰ ਦਿੱਤੀ ਹੈ ਜੋ ਸਰਾਸਰ ਨਾਇਨਸਾਫ਼ੀ ਹੈ।












