ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1386

ਤੁਸੀਂ ਕੀ ਚਾਹੁੰਦੇ ਹੋ? ਕੋਈ ਮਸਲਾ ਜਿਹੜਾ ਤੁਸੀਂ ਹੱਲ ਕਰ ਸਕੋ ਜਾਂ ਸਥਿਤੀ ਜਿਸ ਦਾ ਵਿਰੋਧ? ਮੈਨੂੰ ਪਤਾ ਸੀ। ਤੁਸੀਂ ਹੋ ਹੀ ਇਹੋ ਜਿਹੇ। ਪਰ ਹੁਣ, ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾਂ। ਕਿਸੇ ਹੋਰ ਬਾਰੇ ਕੀ ਖ਼ਿਆਲ ਹੈ? ਕਿਸੇ ਅਜਿਹੇ ਸ਼ਖ਼ਸ ਬਾਰੇ ਜਿਹੜਾ ਤੁਹਾਡਾ ਕਾਫ਼ੀ ਕਰੀਬੀ ਹੈ … ਘੱਟੋ ਘੱਟ ਕੁਝ ਮਾਮਲਿਆਂ ‘ਚ। ਉਹ ਕੀ ਚਾਹੁੰਦੈ? ਅਤੇ ਕੀ ਉਸ ਨੂੰ ਪਤੈ ਕਿ ਉਸ ਨੂੰ ਕੀ ਚਾਹੀਦੈ ਜਾਂ ਉਹ ਕੇਵਲ ਇਹ ਕਹਿ ਰਿਹੈ ਕਿ ਉਸ ਨੂੰ ਫ਼ਲਾਣੀ ਚੀਜ਼ ਚਾਹੀਦੀ ਹੈ ਜਦੋਂ ਕਿ ਅੰਦਰਖਾਤੇ ਉਹ ਚਾਹੁੰਦਾ ਕੁਝ ਹੋਰ ਹੈ? ਤੱਥਾਂ ਦਾ ਸਾਹਮਣਾ ਕਰਨਾ ਪੈਣੈ। ਇਮਾਨਦਾਰ ਵਾਰਤਾਲਾਪ ਸ਼ੁਰੂ ਕਰਨ ਦੀ ਲੋੜ ਹੈ। ਫ਼ਿਰ ਸਹੀ ਤਰ੍ਹਾਂ ਦੀਆਂ ਤਬਦੀਲੀਆਂ ਆ ਸਕਣਗੀਆਂ ਅਤੇ ਸਭ ਕੁਝ ਠੀਕ ਹੋ ਜਾਵੇਗਾ।

ਕੀ ਸਵਰਗ ‘ਚ ਬਣੀ ਜੋੜੀ ਵੀ ਕੋਈ ਸ਼ੈਅ ਹੁੰਦੀ ਹੈ, a match made in heaven? ਸਾਨੂੰ ਇਸ ਬਾਰੇ ਸਾਵਧਾਨ ਰਹਿਣਾ ਪੈਣੈ ਕਿ ਅਸੀਂ ਇਸ ਦਾ ਉੱਤਰ ਕਿਵੇਂ ਦਿੰਦੇ ਹਾਂ। ਸਵਰਗ ਇੱਕ ਵਿਸ਼ਾਲ ਸਥਾਨ ਹੈ। ਉੱਥੋਂ ਦੇ ਬਾਸ਼ਿੰਦੇ, ਜਿੱਥੋਂ ਤਕ ਸਾਨੂੰ ਪਤੈ, ਅਨੰਤ ਕਾਲ ਦੇ ਸ਼ੁਰੂ ਤੋਂ ਹੀ ਉੱਥੇ ਰਹਿੰਦੇ ਆ ਰਹੇ ਹਨ। ਹੋ ਸਕਦੈ ਉਨ੍ਹਾਂ ਕੋਲ ਉੱਥੇ ਵਿਆਹਾਂ ਦੀ ਕੋਈ ਫ਼ੈਕਟਰੀ ਲੱਗੀ ਹੋਵੇ। ਹੋ ਸਕਦੈ ਉੱਥੋਂ ਦੇ ਡਿਜ਼ਾਈਨਰ ਫ਼ਰਿਸ਼ਤੇ ਯੋਗ ਨਾਸ਼ਵਾਨ ਪ੍ਰਾਣੀ ਬਣਾਉਣ ਲਈ ਲੰਬੀ ਅਤੇ ਸਖ਼ਤ ਮਿਹਨਤ ਕਰਦੇ ਹੋਣ। ਸਵਰਗ ਦੇ ਨਜ਼ਰੀਏ ਤੋਂ ਤਾਂ, ਪਰ, ਇਹ ਵੀ ਹੋ ਸਕਦੈ ਕਿ ਛੋਟੇ-ਮੋਟੇ ਵਿਵਾਦ ਅਤੇ ਮਸਲੇ ਸੁਲਝਾਣੇ ਇੱਥੋਂ ਧਰਤੀ ਨਾਲੋਂ ਉੱਥੇ ਵਧੇਰੇ ਸੌਖੇ ਹੁੰਦੇ ਹੋਣ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਉਸ ਤੋਂ ਕਿਤੇ ਵੱਧ ਜੀਵਨ ਹੈ ਜਿੰਨਾ ਤੁਹਾਨੂੰ ਇਸ ਵਕਤ ਅਹਿਸਾਸ ਹੈ।

ਸਾਡੇ ਧੁਰ ਅੰਦਰੋਂ ਨਿਕਲਣ ਵਾਲੀ ਆਵਾਜ਼ ਸੁਣਨ ‘ਚ ਕਿਹੋ ਜਿਹੀ ਹੁੰਦੀ ਹੈ? ਜਿਹੜੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਨੇ ਉਹ ਸੁਣੀ ਹੈ ਬਹੁਤ ਹੀ ਘੱਟ ਉਸ ਨੂੰ ਕਿਸੇ ਬਿਗਲ ਵਾਂਗ ਸੁਣੀਂਦਾ ਦੱਸਦੇ ਨੇ। ਇਸ ਦੀ ਬਜਾਏ, ਉਹ ਆਪਣੇ ਦਿਲ ਦੇ ਅੰਦਰ ਦੀ ਕਿਸੇ ਭਾਵਨਾ ਦੀ ਗੱਲ ਕਰਦੇ ਹਨ – ਮਨ ਹੀ ਮਨ ਉਪਜਣ ਵਾਲੀ ਕੋਈ ਪ੍ਰੇਰਨਾ। ਉਹ ਇਸ ਨੂੰ ਕਿਸੇ ਖ਼ਿਆਲ ਜਾਂ ਕਾਰਵਾਈ ਕਰਨ ਦੀ ਯੋਜਨਾ ਵੱਲ ਚੁੰਬਕੀ ਖਿੱਚ ਵਰਗਾ ਵੀ ਦੱਸਦੇ ਹਨ। ਤੁਸੀਂ ਆਪਣੇ ਅੰਦਰੋਂ ਅਜਿਹੀ ਆਵਾਜ਼ ਨੂੰ ਇੱਕ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਹੋ। ਕੀ ਤੁਸੀਂ ਉਸ ਦੀ ਗੱਲ ਸੁਣ ਰਹੇ ਹੋ ਜਾਂ ਉਸ ਦਾ ਵਿਰੋਧ ਕਰ ਰਹੇ ਹੋ? ਤਬਦੀਲੀ ਡਰਾਉਣੀ ਹੋ ਸਕਦੀ ਹੈ, ਪਰ ਉਹ ਆਵਾਜ਼ ਤੁਹਾਨੂੰ ਨਿਰਸੰਦੇਹ ਇੱਕ ਸਮਝਦਾਰ ਚੋਣ ਕਰਨ ਅਤੇ ਦਬੰਗ ਕਦਮ ਚੁੱਕਣ ਦਾ ਸੱਦਾ ਦੇ ਰਹੀ ਹੈ। ਉਸ ਦਾ ਜਵਾਬ ਦੇਣ ਦੀ ਖ਼ੁਦ ਨੂੰ ਇਜਾਜ਼ਤ ਦਿਓ। ਤੁਹਾਡੇ ਵਲੋਂ ਲਿਆ ਗਿਆ ਕੋਈ ਸਾਹਸਿਕ ਫ਼ੈਸਲਾ ਸਭ ਕੁਝ ਸੁਧਾਰ ਦੇਵੇਗਾ।

ਅਸੀਂ ਸੁਪਰ ਹੀਰੋਜ਼ ਨੂੰ ਪਸੰਦ ਕਰਦੇ ਹਾਂ। ਕੌਮਿਕਸ ਖ਼ਰੀਦ ਕੇ ਪੜ੍ਹਦੇ ਹਾਂ, TV ਸੌਅਜ਼ ਦੇਖਦੇ ਹਾਂ ਅਤੇ ਮਲਟੀਪਲੈਕਸਾਂ ਵੱਲ ਦੌੜਦੇ ਜਾਂਦੇ ਹਾਂ ਤਾਂ ਕਿ ਆਪਣੇ ਪਸੰਦੀਦਾ ਕਿਰਦਾਰਾਂ ਨੂੰ ਖ਼ਾਸ ਹੁਨਰ ਵਰਤਦਿਆਂ ਸੁਨਹਿਰੀ ਪਰਦੇ ‘ਤੇ ਦੇਖ ਸਕੀਏ। ਸਾਡੀ ਵੀ ਇਹ ਤਮੰਨਾ ਹੁੰਦੀ ਹੈ ਕਿ ਕਾਸ਼ ਅਸੀਂ ਵੀ ਉੱਡ ਸਕਦੇ – ਜਾਂ ਦੀਵਾਰਾਂ ਥਾਣੀਂ ਦੇਖ ਸਕਦੇ, ਜਾਂ ਆਪਣੇ ਹੱਥਾਂ ਦੀਆਂ ਉਂਗਲਾਂ ਦੇ ਪੋਟਿਆਂ ‘ਚੋਂ ਅੱਗ ਦੇ ਗੋਲੇ ਦਾਗ਼ ਸਕਦੇ। ਪਰ ਫ਼ਿਰ, ਉਨ੍ਹਾਂ ਫ਼ਿਲਮਾਂ ‘ਚ ਅਕਸਰ ਇੱਕ ਅਜਿਹਾ ਪਲ ਵੀ ਆ ਜਾਂਦੈ ਜਦੋਂ ਸਾਡੇ ਹੀਰੋਆਂ ਦੀ ਤਾਕਤ ਵੀ ਸੀਮਿਤ ਹੋ ਕੇ ਰਹਿ ਜਾਂਦੀ ਹੈ। ਉਹ ਕੁਦਰਤ ਵਲੋਂ ਬਖ਼ਸ਼ੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਤੋਂ ਅਸਮਰਥ ਹੋ ਜਾਂਦੇ ਹਨ। ਉਨ੍ਹਾਂ ਨੂੰ ਆਮ ਨਾਸ਼ਵਾਨ ਮਨੁੱਖਾਂ ਵਾਂਗ ਵਿਹਾਰ ਕਰਨਾ ਪੈਂਦੈ। ਤੁਸੀਂ ਉਸ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਜਦੋਂ ਮੁਸ਼ਕਿਲਾਂ ਸਖ਼ਤ ਹੋ ਜਾਣ ਤਾਂ ਤੁਸੀਂ ਆਮਤੌਰ ‘ਤੇ ਇੱਕ ਅਨੋਖੀ ਤਰਕੀਬ ਲੜਾਉਂਦੇ ਹੋ। ਤੁਸੀਂ ਇਸ ਵਕਤ ਆਪਣਾ ਉਹ ਜੁਗਾੜ ਤਾਂ ਨਹੀਂ ਵਰਤ ਸਕਦੇ … ਪਰ ਫ਼ਿਰ ਵੀ ਤੁਸੀਂ ਕੁਝ ਹੋਰ ਤਾਂ ਕਰ ਸਕਦੇ ਹੋ!

ਜੇਕਰ ਅਸੀਂ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ? ਕਲਪਨਾ ਕਰੋ ਜੇਕਰ ਸਾਡੇ ਮਨਾਂ ‘ਚ ਆਪਣੇ ਸਾਥੀ ਮਨੁੱਖਾਂ ਪ੍ਰਤੀ ਇੰਨਾ ਜ਼ਿਆਦਾ ਆਦਰ-ਸਤਿਕਾਰ ਹੁੰਦਾ ਕਿ ਅਸੀਂ ਬਿਲਕੁਲ ਅਣਜਾਣ ਵਿਅਕਤੀਆਂ ਨੂੰ ਵੀ ਜੱਫੀਆਂ ਪਾਏ ਜਾਂ ਉਨ੍ਹਾਂ ਦੀ ਤਾਰੀਫ਼ ਕੀਤੇ ਬਗ਼ੈਰ ਸੜਕ ਦੇ ਇੱਕ ਤੋਂ ਦੂਸਰੇ ਸਿਰੇ ਤਕ ਵੀ ਨਾ ਜਾ ਸਕਦੇ। ਜੇਕਰ ਅਸੀਂ ਸਭ ਕਿਸਮ ਦੀਆਂ ਲੜਾਈਆਂ, ਨੁਕਤਾਚੀਨੀਆਂ, ਆਲੋਚਨਾਵਾਂ, ਨਾਰਾਜ਼ਗੀਆਂ ਅਤੇ ਬੀਮਾਰੀਆਂ ਤੋਂ ਮੁਕਤ ਇਸ ਗ੍ਰਹਿ ‘ਤੇ ਵਿਚਰ ਸਕਦੇ ਤਾਂ ਧਰਤੀ ‘ਤੇ ਕਿਹੋ ਜਿਹਾ ਆਲਮ ਹੁੰਦਾ? ਜੇਕਰ ਅਸੀਂ ਇੱਕ ਦੂਸਰੇ ਦੀ ਖੁਲ੍ਹ ਕੇ ਹਮਾਇਤ ਕਰਦੇ ਤਾਂ ਕੀ ਹੁੰਦਾ? ਅਸੀਂ ਸਾਰੇ ਬੱਸ ਸਿਰਫ਼ ਭੈਣ-ਭਰਾ ਹੁੰਦੇ, ਜ਼ਿੰਦਗੀ ਦੇ ਪ੍ਰੇਮ ‘ਚ ਇੱਕ ਦੂਸਰੇ ਨਾਲ ਜੁੜੇ ਅਤੇ ਬੱਝੇ? ਤੁਹਾਨੂੰ ਨੀਂਦ ਤਾਂ ਨਹੀਂ ਆਉਣ ਲੱਗ ਪਈ ਇਹ ਪੜ੍ਹਦਿਆਂ? ਚਿੰਤਾ ਨਾ ਕਰੋ … ਤੁਹਾਡਾ ਸੰਸਾਰ ਇੰਨਾ ਜ਼ਿਆਦਾ ਅਣਵਿਹਾਰਕ ਤੌਰ ‘ਤੇ ਚੰਗਾ ਨਹੀਂ ਹੋਣ ਵਾਲਾ, ਪਰ ਫ਼ਿਰ ਵੀ ਛੇਤੀ ਹੀ ਇਸ ਵਿੱਚ ਕੁਝ ਮਿੱਠੇ ਪਲ ਜ਼ਰੂਰ ਆਉਣਗੇ।