ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ

Indian policeman close to Police stick and uniform, Indian policeman (CRPF) with bamboo sticks patrols, selective focus, Hand in hand police man view

ਜਲੰਧਰ — 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ’ਚ ਵਾਪਰੀ ਹਿੰਸਾ ਦੇ ਤਾਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜਦੇ ਵਿਖਾਈ ਦੇ ਰਹੇ ਹਨ। ਇਸੇ ਸਬੰਧ ’ਚ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਲ ਕਿਲ੍ਹੇ ਦੀ ਹਿੰਸਾ ਦੇ ਸਬੰਧ ’ਚ ਇਹ ਪਤਾ ਲੱਗਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ’ਚ ਹੋਈ ਹਿੰਸਾ ਦੌਰਾਨ ਜਲੰਧਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ। ਇਸੇ ਸਬੰਧ ’ਚ ਦਿੱਲੀ ਪੁਲਸ ਵੱਲੋਂ ਜਲੰਧਰ ਵਿਖੇ ਅੱਜ ਅਚਾਨਕ ਰੇਡ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਵੱਲੋਂ ਜਲੰਧਰ ਦੇ ਬਸਤੀ ਪੀਰਦਾਦ ਇਲਾਕੇ ’ਚ ਇਕ ਨੌਜਵਾਨ ਦੇ ਘਰ ’ਚ ਅਚਾਨਕ ਰੇਡ ਕੀਤੀ ਗਈ ਪਰ ਉਕਤ ਨੌਜਵਾਨ ਉਥੇ ਕਿਤੇ ਵੀ ਨਹੀਂ ਮਿਲਿਆ। ਇਸ ਸਬੰਧੀ ਏ. ਸੀ. ਪੀ. ਪਲਵਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਪੁਲਸ ਵੱਲੋਂ ਉਕਤ ਨੌਜਵਾਨ ਦੇ ਘਰ ’ਚ ਸਵੇਰੇ ਅਚਾਨਕ ਛਾਪਾ ਮਾਰਿਆ ਗਿਆ ਹੈ। ਇਥੇ ਹੈਰਾਨ ਕਰ ਦੇਣ ਵਾਲੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿੱਲੀ ਪੁਲਸ ਵੱਲੋਂ ਜਲੰਧਰ ’ਚ ਰੇਡ ਕਰਨ ਨੂੰ ਲੈ ਕੇ ਕੋਈ ਵੀ ਰਾਬਤਾ ਨਹੀਂ ਕੀਤਾ ਗਿਆ ਹੈ ਅਤੇ ਬਿਨਾਂ ਰਾਬਤਾ ਕਾਇਮ ਕੀਤੇ ਹੀ ਦਿੱਲੀ ਪੁਲਸ ਵੱਲੋਂ ਅਚਾਨਕ ਅੱਜ ਸਵੇਰੇ ਉਕਤ ਨੌਜਵਾਨ ਦੇ ਘਰ ਛਾਪਾ ਮਾਰਿਆ ਗਿਆ।
ਜ਼ਿਕਰਯੋਗ ਹੈ ਕਿ ਕਿਸਾਨ ਟਰੈਕਟਰ ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ 37 ਕਿਸਾਨ ਆਗੂਆਂ ’ਤੇ ਦਿੱਲੀ ਪੁਲਸ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਦਾਇਰ ਕੀਤੀ ਗਈ ਇਸ ਐੱਫ .ਆਈ. ਆਰ. ‘ਚ ਇਨ੍ਹਾਂ 37 ਕਿਸਾਨ ਆਗੂਆਂ ‘ਤੇ ਅਪਰਾਧਿਕ ਸਾਜਿਸ਼, ਲੁੱਟ, ਡਕੈਤੀ ਦੌਰਾਨ ਮਾਰੂ ਹਥਿਆਰਾਂ ਦੀ ਵਰਤੋਂ ਕਤਲ ਦੀ ਕੋਸ਼ਿਸ਼ ਵਰਗੀਆਂ 13 ਵੱਡੀਆਂ ਧਰਾਵਾਂ ਲਗਾਇਆਂ ਗਈਆਂ ਹਨ। ਪੁਲਸ ਨੇ ਕਿਸਾਨ ਆਗੂਆਂ ਖ਼ਿਲਾਫ਼ ਅੱਜ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਗਣਤੰਤਰ ਦਿਵਸ ਦੌਰਾਨ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੋਈ ਹਿੰਸਾ ’ਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੋਹਾਂ ਦੀ ਅਹਿਮ ਭੂਮਿਕਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ’ਤੇ ਦੋਸ਼ ਲਾਇਆ ਹੈ। ਦੋਸ਼ ਹੈ ਕਿ ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਤੋਂ ਇਲਾਵਾ ਲੱਖਾ ਸਿਧਾਣਾ ’ਤੇ ਵੀ ਟਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਦੀਪ ਅਤੇ ਲੱਖਾ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖ਼ੁਦ ਨੂੰ ਬੇਗੁਨਾਹ ਦੱਸ ਚੁੱਕੇ ਹਨ।