ਮੋਹਾਲੀ : ਪੰਜਾਬ ਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਿੱਥੇ ਸਮੇਂ ਤੇ ਮੁਕਮੰਲ ਕੀਤਾ ਜਾਵੇ ਅਤੇ ਖਸਤਾ ਲਿੰਕ ਸੜਕਾਂ ਦੀ ਮੁਰੰਮਤ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕੀਤਾ ਜਾਵੇ। ਇਹ ਹਦਾਇਤਾਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਨੇ ਮੋਹਾਲੀ ਸਥਿਤ ਪੰਜਾਬ ਮੰਡੀ ਭਵਨ ਵਿਖੇ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦੇ ਕੰਮ ਕਾਜ਼ ਦੀ ਸਮੀਖਿਆ ਲਈ ਰਾਜ ਦੇ ਜਿਲ੍ਹਾ ਮੰਡੀ ਅਫਸਰਾਂ , ਕਾਰਜਕਾਰੀ ਇੰਜੀਨੀਅਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਸਕੱਤਰ ਮੰਡੀ ਬੋਰਡ ਨੇ ਇਸ ਮੌਕੇ ਰਾਜ ਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦੇ ਚਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਧਿਕਾਰੀ ਲਿੰਕ ਸੜਕਾਂ ਦੀ ਮੁਰੰਮਤ ਦੇ ਕੰਮ ਨੂੰ ਮਿਆਰੀ ਹੋਣਾ ਯਕੀਨੀ ਬਣਾਉਣ ਸੜਕਾਂ ਦੇ ਕੰਮ ਕਾਜ਼ ਵਿਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬਿਮਾ ਯੋਜਨਾ ਨੂੰ ਜਿਲਾ੍ਹਵਾਰ ਸਮੀਖਿਆ ਕਰਦਿਆਂ ਸਮੂਹ ਜਿਲਾ੍ਹ ਮੰਡੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨਾਲ ਮੀਟਿੰਗ ਕਰਕੇ ਹੁਣ ਤੱਕ ਜਿਨ੍ਹੇ ਵੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਚੁੱਕੇ ਹਨ ਉਨਾਂ੍ਹ ਨੂੰ ਤੁਰੰਤ ਕਿਸਾਨਾਂ ਵਿਚ ਵੰਡਿਆ ਜਾਵੇ ਤਾਂ ਜੋ ਕਿਸਾਨ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨਾਂ੍ਹ ਹੋਰ ਕਿਹਾ ਕਿ ਜਿਹੜੇ ਕਿਸਾਨਾਂ ਦਾ ਡਾਟਾ ਇਕੱਤਰ ਕਰਨ ਵਾਲਾ ਰਹਿੰਦਾ ਹੈ ਉਹ ਪ੍ਰਾਪਤ ਕਰਕੇ ਬੀਮਾ ਕੰਪਨੀ ਪਾਸੋਂ ਸਿਹਤ ਬੀਮਾ ਕਾਰਡ ਬਣਵਾਏ ਜਾਣ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨਾਂ੍ਹ ਇਹ ਵੀ ਹਦਾਇਤ ਕੀਤੀ ਕਿ ਜਿਨਾਂ੍ਹ ਕਿਸਾਨਾਂ ਦਾ ਸਬੰਧ ਗੰਨੇ ਦੀ ਖਰੀਦ-ਵੇਚ ਨਾਲ ਹੈ ਉਨ੍ਹਾਂ ਬਾਰੇ ਵੀ ਸਬੰਧਤ ਸ਼ੂਗਰ ਮਿੱਲਾਂ ਨਾਲ ਸੰਪਰਕ ਕਰਕੇ ਕਿਸਾਨਾਂ ਦੇ ਨਾਮ ਲਏ ਜਾਣ ਅਤੇ ਉਨਾਂ ਦੇ ਵੀ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਕੇ ਵੰਡੇ ਜਾਣ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਪੰਜਾਬ ਦੀਆਂ ਮੰਡੀਆਂ ਦੀ ਪੜਤਾਲ ਕਰਨ ਦੀਆਂ ਹਦਾਇਤਾ ਦਿੱਤੀਆਂ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ੍ਹ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ੍ਰੀ ਸਿੱਧੂ ਨੇ ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਖਿਆ ਕਿ ਮਾਰਕੀਟ ਕਮੇਟੀਆਂ ਦੀ ਆਮਦਨ ਦਾ ਮੁੱਖ ਸੋਮਾ ਮਾਰਕੀਟ ਫੀਸ ਤੋਂ ਹੈ ਇਸ ਲਈ ਕਣਕ ਦੀ ਆਮਦ ਅਨੁਸਾਰ ਮਾਰਕਿਟ ਫੀਸ ਦੀ ਰਿਕਵਰੀ ਕਰਨ ਅਤੇ ਇਸ ਤੋਂ ਇਲਾਵਾ ਫਲ ਅਤੇ ਸਬਜੀਆਂ ਤੋਂ ਮਾਰਕਿਟ ਫੀਸ ਦੀ ਰਿਕਵਰੀ ਕਰਨ ਲਈ ਵੀ ਵਿਸ਼ੇਸ ਯਤਨ ਕੀਤੇ ਜਾਣ। ਮਾਰਕੀਟ ਫੀਸ ਦੀ ਚੋਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।















