
ਭਗਤਾ ਭਾਈ – ਖੇਡ ਜਗਤ ਵਿਸ਼ੇਸ਼ਕਰਕੇ ਕਬੱਡੀ ਜਗਤ ਵਿਚ ਉਸ ਵੇਲੇ ਸੋਗ ਪਸਰ ਗਿਆ ਜਦੋਂ ਕਬੱਡੀ ਦੇ ਸਟਾਰ ਜਾਫੀ ਸੁਖਮਨ ਭਗਤਾ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਮਹਿਜ਼ 24 ਵਰ੍ਹਿਆਂ ਦਾ ਸੀ। ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਬੱਡੀ ਖੇਡ ਮੇਲਿਆਂ ਦੀ ਸ਼ਾਨ ਰਹੇ ਸੁਖਮਨ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਇਲਾਜ ਲਈ ਸ਼ਹਿਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਸੁਖਮਨ ਸਿੱਧੂ ਨੇ ਕਬੱਡੀ ਦੇ ਹਰ ਤਰ੍ਹਾਂ ਦੇ ਰੇਡਰ ਨੂੰ ਜੱਫਾ ਲਗਾ ਕੇ ਕਬੱਡੀ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਸੀ। ਹਾਲਾਂਕਿ ਕੁੱਝ ਸਮੇਂ ਪਹਿਲਾਂ ਉਹ ਪੰਜਾਬ ਦੇ ਕਈ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ ਨਸ਼ਿਆਂ ਵਿਚ ਗਲਤਾਣ ਹੋ ਗਿਆ ਸੀ ਪਰ ਨਿੱਕੂ ਕਲਿਆਣ ਦੀ ਬਦੌਲਤ ਉਸਨੇ ਨਸ਼ਿਆਂ ਦੀ ਦੁਨੀਆਂ ਤਿਆਗ ਕੇ ਫਿਰ ਤੋਂ ਕਬੱਡੀ ਖੇਡਣੀ ਆਰੰਭ ਕਰ ਦਿੱਤੀ ਸੀ।
ਇਸ ਦੌਰਾਨ ਸੁਖਮਨ ਨੇ ਬਹੁਤ ਸਾਰੇ ਇਨਾਮ ਆਪਣੀ ਝੋਲੀ ਪਾਏ। ਇੱਥੋਂ ਤੱਕ ਕਿ ਉਹ ਕਰੀਬ 3 ਦਰਜਨ ਖੇਡ ਮੇਲਿਆਂ ਦਾ ਬੈਸਟ ਸਟਾਪਰ ਚੁਣਿਆ ਗਿਆ। ਨਿੱਘੇ ਸੁਭਾਅ ਦੇ ਮਾਲਕ ਪਿਤਾ ਧੰਨਾ ਸਿੰਘ ਉਰਫ਼ ਪੱਪੂ ਦੇ ਘਰ ਜੰਮੇ ਸੁਖਮਨ ਦੀ ਬੇਵਕਤੀ ਮੌਤ ’ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਰਾਜਵੰਤ ਸਿੰਘ ਭਗਤਾ, ਆਮ ਆਦਮੀ ਪਾਰਟੀ ਆਗੂ ਜਤਿੰਦਰ ਸਿੰਘ ਭੱਲਾ, ਪਰਮਜੀਤ ਸਿੰਘ ਬਿੰਦਰ, ਗਗਨਦੀਪ ਸਿੰਘ ਗਰੇਵਾਲ, ਡਾ. ਜਸਵੀਰ ਸ਼ਰਮਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ।
News Credit :jagbani(punjabkesari)















