ਦਿੱਲੀ ਦੀ ਰਹਿਣ ਵਾਲੀ ਹੁਮਾ ਕੁਰੈਸ਼ੀ ਨੇ ‘ਗੈਂਗਜ਼ ਆਫ਼ ਵਾਸੇਪੁਰ’, ‘ਏਕ ਥੀ ਡਾਇਨ’, ‘ਫ਼ੁਕਰੇ’, ‘ਡੇਢ ਇਸ਼ਕੀਆ’ ਤੇ ‘ਬਦਲਾਪੁਰ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਵਿੱਚ ਚੰਗੀ ਪਛਾਣ ਹਾਸਲ ਕਰ ਲਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਖ਼ੂਬਸੂਰਤ ਅਦਾਕਾਰਾ ਫ਼ਿਲਮੀ ਦੁਨੀਆਂ ‘ਚ ਕਦਮ ਰੱਖਣ ਤੋਂ ਪਹਿਲਾਂ ਸਫ਼ੋਲਾ ਤੇਲ, ਮੇਡਰਮਾ ਕ੍ਰੀਮ, ਪੀਅਰਸ ਸਾਬਣ ਅਤੇ ਨੈਰੋਲੈਕ ਜਿਹੇ ਕਈ ਉਤਪਾਦਾਂ ਦੇ ਵਿਗਿਆਪਨ ‘ਚ ਵੀ ਦਿਖਾਈ ਦਿੱਤੀ ਸੀ। ਦਿੱਲੀ ‘ਚ ਥੀਏਟਰ ਕਰਨ ਵਾਲੀ ਹੁਮਾ ਨੇ ਇਸ ਉਮੀਦ ਨਾਲ ਮੁੰਬਈ ਵੱਲ ਰੁਖ਼ ਕੀਤਾ ਸੀ ਕਿ ਕਾਫ਼ੀ ਸੰਘਰਸ਼ ਤੋਂ ਬਾਅਦ ਸ਼ਾਇਦ ਕੋਈ ਕੰਮ ਮਿਲ ਜਾਵੇ ਪਰ ਉਸ ਦੀ ਕਿਸਮਤ ਉਸ ਨੂੰ ਅਨੁਰਾਗ ਕਸ਼ਯਪ ਤਕ ਲੈ ਗਈ। ਅਨੁਰਾਗ ਨੇ ਨਾ ਸਿਰਫ਼ ਹੁਮਾ ਨੂੰ ਇੱਕ ਇਸ਼ਤਿਹਾਰੀ ਫ਼ਿਲਮ ‘ਚ ਕੰਮ ਦਿੱਤਾ ਬਲਕਿ ‘ਗੈਂਗਜ਼ ਆਫ਼ ਵਾਸੇਪੁਰ’ ਲਈ ਚੁਣ ਕੇ ਅਦਾਕਾਰੀ ਤੇ ਫ਼ਿਲਮ ਨਿਰਮਾਣ ਸਬੰਧੀ ਉਸ ਦੀ ਸੋਚ ਵੀ ਬਦਲ ਦਿੱਤੀ। ਅੱਜ ਹੁਮਾ ਬੌਲੀਵੁੱਡ ਦੀ ਸਮਰੱਥ ਅਦਾਕਾਰਾ ਮੰਨੀ ਜਾਂਦੀ ਹੈ ਅਤੇ ਉਸ ਕੋਲ ਕਾਫ਼ੀ ਫ਼ਿਲਮਾਂ ਹਨ। ਇਨ੍ਹੀਂ ਦਿਨੀ ਉਹ ਆਪਣੀ ਨਵੀਂ ਮਲਿਆਲਮ ਫ਼ਿਲਮ ‘ਵ੍ਹਾਈਟ’ ਨੂੰ ਲੈ ਕੇ ਚਰਚਾ ‘ਚ ਹੈ ਜੋ ਮਲਿਆਲਮ ਦੇ ਨਾਲ ਅੰਗਰੇਜ਼ੀ ਭਾਸ਼ਾ ‘ਚ ਵੀ ਬਣੀ ਹੈ। ਪੇਸ਼ ਹਨ ਹੁਮਾ ਨਾਲ ਇਸ ਸਬੰਧੀ ਹੋਈ ਗੱਲਬਾਤ ਦੇ ਮੁੱਖ ਅੰਸ਼:-
ਫ਼ਿਲਮ ‘ਵ੍ਹਾਈਟ’ ਕਰਨ ਪਿੱਛੇ ਕਿਤੇ ਦੱਖਣ ਭਾਰਤੀ ਫ਼ਿਲਮਾਂ ‘ਚ ਵੀ ਪਛਾਣ ਬਣਾਉਣ ਦੀ ਇੱਛਾ ਤਾਂ ਨਹੀਂ?
– ਅਜਿਹਾ ਨਹੀਂ ਹੈ ਪਰ ਖ਼ੁਦ ਨੂੰ ਇੱਕ ਹੀ ਭਾਸ਼ਾ ਤਕ ਮਹਿਦੂਦ ਨਾ ਰੱਖਣਾ ਅਤੇ ਚੰਗੀਆਂ ਕਹਾਣੀਆਂ ਨੂੰ ਤਵੱਜੋਂ ਦੇਣਾ ਇਸ ਦੀ ਵਜ੍ਹਾ ਜ਼ਰੂਰ ਹੈ। ਹਾਲਾਂਕਿ ਮੈਂ ‘ਵ੍ਹਾਈਟ’ ‘ਚ ਕੰਮ ਕੀਤਾ ਹੈ ਪਰ ਪੂਰੀ ਤਰ੍ਹਾਂ ਦੱਖਣ ਭਾਰਤੀ ਫ਼ਿਲਮ ਜਗਤ ਵੱਲ ਜਾਣ ਬਾਰੇ ਹਾਲੇ ਨਹੀਂ ਸੋਚਿਆ। ਮੈਨੂੰ ਲੱਗਦਾ ਹੈ ਕਿ ਜਿੱਥੇ ਵੀ ਚੰਗਾ ਕੰਮ ਮਿਲੇ, ਉੱਥੇ ਜਾਣਾ ਚਾਹੀਦਾ ਹੈ। ਮੈਂ ਖ਼ੁਦ ਨੂੰ ਇੱਕ ਹੀ ਭਾਸ਼ਾ ਦੀਆਂ ਫ਼ਿਲਮਾਂ ਤਕ ਸੀਮਤ ਨਹੀਂ ਕਰਨਾ ਚਾਹੁੰਦੀ। ਮੈਂ ਇੱਕ ਅਦਾਕਾਰਾ ਹਾਂ ਅਤੇ ਜੇ ਫ਼ਿਲਮ ਦੀ ਕਹਾਣੀ ਚੰਗੀ ਤੇ ਰੌਚਕ ਹੋਵੇਗੀ ਤਾਂ ਮੈਂ ਆਪਣੇ ਦਿਲ ਦੀ ਜ਼ਰੂਰ ਸੁਣਾਂਗੀ। ਫ਼ਿਰ ਚਾਹੇ ਮੈਨੂੰ ਕਿਤੇ ਵੀ ਕਿਉਂ ਨਾ ਜਾਣਾ ਪਵੇ।
‘ਵ੍ਹਾਈਟ’ ਕਿਸ ਤਰ੍ਹਾਂ ਦੀ ਫ਼ਿਲਮ ਹੈ। ਇਸ ਵਿੱਚ ਆਪਣੇ ਕਿਰਦਾਰ ਬਾਰੇ ਦੱਸੋ?
– ਨਿਰਦੇਸ਼ਕ ਉਦੈ ਅਨੰਤਨ ਦੀ ਇਹ ਫ਼ਿਲਮ ਇੱਕ ਰੁਮਾਂਟਿਕ ਡਰਾਮਾ ਹੈ। ਦੋ ਅਣਜਾਣ ਲੋਕ ਸ਼ਹਿਰ ‘ਚ ਮਿਲਦੇ ਹਨ ਅਤੇ ਇੱਕ-ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ। ਇਸ ਫ਼ਿਲਮ ‘ਚ ਮਮੂਟੀ ਨੇ ਇੱਕ ਅੱਧਖੜ ਉਮਰ ਦੇ ਅਰਬਪਤੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਇੱਕ 25 ਸਾਲ ਦੀ ਕੁੜੀ ਭਾਵ ਮੇਰੇ ਨਾਲ ਪਿਆਰ ਹੋ ਜਾਂਦਾ ਹੈ। ਦਰਅਸਲ ਮੇਰਾ ਕਿਰਦਾਰ ਨੌਕਰੀ ਦੀ ਤਲਾਸ਼ ‘ਚ ਲੰਡਨ ਜਾਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਮਮੂਟੀ ਨਾਲ ਹੁੰਦੀ ਹੈ। ਦੋਵਾਂ ‘ਚ ਦੋਸਤੀ ਹੋ ਜਾਂਦੀ ਹੈ ਅਤੇ ਫ਼ਿਰ ਕਹਾਣੀ ‘ਚ ਕੁਝ ਦਿਲਚਸਪ ਮੋੜ ਆਉਂਦੇ ਹਨ। ਫ਼ਿਲਮ ਦੀ ਕਹਾਣੀ ਬੜੀ ਦਿਲਚਸਪ ਹੈ। ਫ਼ਿਲਮ ਦੀ ਸ਼ੂਟਿੰਗ ਲੰਡਨ ਤੋਂ ਇਲਾਵਾ ਯੂਰਪ ਦੇ ਕਈ ਹਿੱਸਿਆਂ ‘ਚ ਹੋਈ ਹੈ। ਉਦੈ ਫ਼ਿਲਮ ਦੇ ਸਹਿ-ਲੇਖਕ ਵੀ ਹਨ। ਇਸ ਨੂੰ ਇਰੋਜ਼ ਇੰਟਰਨੈਸ਼ਨਲ ਨੇ ਬਣਾਇਆ ਹੈ।
ਮਮੂਟੀ ਨਾਲ ਕੰਮ ਕਰ ਕੇ ਕਿਵੇਂ ਲੱਗਿਆ?
– ਮਮੂਟੀ, ਦੱਖਣ ਭਾਰਤੀ ਫ਼ਿਲਮਾਂ ਦੇ ਵੱਡੇ ਸਟਾਰ ਹੋਣ ਦੇ ਨਾਲ ਚੰਗੇ ਇਨਸਾਨ ਅਤੇ ਇੱਕ ਸੱਜਣ ਵਿਅਕਤੀ ਹਨ। ਉਨ੍ਹਾਂ ਭਾਸ਼ਾ ਸਿੱਖਣ ‘ਚ ਮੇਰੀ ਕਾਫ਼ੀ ਮਦਦ ਕੀਤੀ। ਮੈਂ ਇਸ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗੀ।
ਤੁਸੀਂ ਆਪਣੇ ਭਰਾ ਨਾਲ ਵੀ ਫ਼ਿਲਮ ਕਰ ਰਹੇ ਹੋ?
– ਜੀ ਹਾਂ, ਮੈਂ ਆਪਣੇ ਭਾਈ ਸਾਕਿਬ ਸਲੀਮ ਨਾਲ ਫ਼ਿਲਮ ਕਰ ਰਹੀ ਹੈ ਅਤੇ ਇਸ ਵਿੱਚ ਅਸੀਂ ਦੋਵੇਂ ਲੜਦੇ-ਝਗੜਦੇ ਦਿਖਾਈ ਦੇਵਾਂਗੇ ਪਰ ਇਹ ਸਭ ਸਿਰਫ਼ ਦਰਸ਼ਕਾਂ ਨੂੰ ਡਰਾਉਣ ਲਈ ਹੋਵੇਗਾ। ਅਸਲ ‘ਚ ਨਿਰਦੇਸ਼ਕ ਪ੍ਰਵਾਲ ਰਮਨ, ਕੇਰਨ ਗਿਲਨ, ਬ੍ਰੈਂਟੋਂ ਥਵਾਇਟਸ, ਰੋਰੀ ਕੋਚਰੇਨ, ਕੈਟੀ ਸਖੌਫ਼ ਦੀ ਅਦਾਕਾਰੀ ਵਾਲੀ ਹਾਲੀਵੁੱਡ ਦੀ ਹੌਰਰ ਫ਼ਿਲਮ ‘ਓਕੂਲਸ’ ਦਾ ਹਿੰਦੀ ਰੀਮੇਕ ਬਣਾ ਰਹੇ ਹਨ। ਇਹ ਫ਼ਿਲਮ ਭੈਣ-ਭਰਾ ਦੀ ਕਹਾਣੀ ਹੈ। ਭਰਾ ਨੂੰ ਬਚਪਨ ‘ਚ ਇੱਕ ਕਤਲ ਦੇ ਦੋਸ਼ ‘ਚ ਸਜ਼ਾ ਹੋ ਜਾਂਦੀ ਹੈ। ਭੈਣ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਇਹ ਕਤਲ ਉਸ ਦੇ ਭਰਾ ਨੇ ਨਹੀਂ ਬਲਕਿ ਇੱਕ ਪਰਾ-ਕੁਦਰਤੀ ਸ਼ਕਤੀ ਨੇ ਕੀਤਾ ਹੈ। ਭਰਾ ਨੂੰ ਭੈਣ ਨਾਲ ਗੁੱਸਾ ਹੈ ਕਿ ਉਹ ਜੇਲ੍ਹ ‘ਚ ਰਿਹਾ ਤੇ ਭੈਣ ਆਰਾਮ ਨਾਲ ਘਰ ਰਹੀ। ਹੁਣ ਜਦੋਂ ਉਨ੍ਹਾਂ ਦਾ ਵਾਹ ਉਸ ਸ਼ਕਤੀ ਨਾਲ ਪੈਂਦਾ ਹੈ ਤਾਂ ਕੀ ਹੁੰਦਾ ਹੈ, ਇਹ ਫ਼ਿਲਮ ਦਾ ਡਰਾਉਣਾ ਰੂਪ ਹੈ। ‘ਓਕੂਲਸ’ ਦਾ ਰੀਮੇਕ ਵਰਤਮਾਨ ਤੇ ਅਤੀਤ ਵਿੱਚ ਘੁੰਮਦਾ ਹੈ। ਮੈਂ ਤੇ ਸਾਕਿਬ ਪਹਿਲੀ ਵਾਰ ਬੌਲੀਵੁੱਡ ਦੀ ਕਿਸੇ ਫ਼ਿਲਮ ‘ਚ ਇਕੱਠੇ ਕੰਮ ਕਰ ਰਹੇ ਹਾਂ। ਉਂਜ ਹਾਲੇ ਤਕ ਇਸ ਫ਼ਿਲਮ ਦਾ ਨਾਮ ਨਹੀਂ ਰੱਖਿਆ ਗਿਆ। ਮੈਂ ‘ਓਕੂਲਸ’ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਫ਼ਿਲਮ ‘ਚ ਸਾਡੇ ਕਿਰਦਾਰ ਇੱਕ-ਦੂਜੇ ਨਾਲ ਨਫ਼ਰਤ ਕਰਦੇ ਹਨ ਹਾਲਾਂਕਿ ਸਾਡੇ ਦੋਵਾਂ ਵਿੱਚ ਪਿਆਰ ਬਹੁਤ ਹੈ। ਫ਼ਿਲਮ ਵਿੱਚ ਮੈਂ ਵੱਡੀ ਭੈਣ ਦਾ ਕਿਰਦਾਰ ਨਿਭਾ ਰਹੀ ਹਾਂ ਜਦੋਂਕਿ ਸਾਕਿਬ ਇੱਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾ ਰਿਹਾ ਹੈ ਜੋ ਕਈ ਸਾਲ ਬਾਲ ਸੁਧਾਰ ਘਰ ‘ਚ ਇਕੱਲਾ ਅਤੇ ਬਾਹਰੀ ਦੁਨੀਆਂ ਤੋਂ ਬੇਖ਼ਬਰ ਬਿਤਾਉਂਦਾ ਹੈ।
ਤੁਸੀਂ ਗੁਰਿੰਦਰ ਚੱਢਾ ਦੀ ਫ਼ਿਲਮ ਵੀ ਕਰ ਰਹੇ ਹੋ?
– ਹਾਂ, ਗੁਰਿੰਦਰ ਚੱਢਾ ਪਿਛਲੇ ਤਿੰਨ ਸਾਲਾਂ ਤੋਂ ਇਸ ਪ੍ਰੇਮ ਕਹਾਣੀ ‘ਤੇ ਕੰਮ ਕਰ ਰਹੀ ਸੀ। ਉਨ੍ਹਾਂ ਦੀ ਇਹ ਰੁਮਾਂਟਿਕ ਫ਼ਿਲਮ ‘ਵਾਇਸਰਾਇਜ਼ ਹਾਊਸ’ ਹੈ ਜੋ 1947 ਦੀ ਭਾਰਤ-ਪਾਕਿ ਵੰਡ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਵਿੱਚ ਇੱਕ ਹਿੰਦੂ ਮੁੰਡੇ ਤੇ ਮੁਸਲਿਮ ਕੁੜੀ ਦੇ ਪਿਆਰ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ।











