ਬੌਲੀਵੁਡ ਦੀ ਸੁਪਰਹੀਰੋ ਫ਼ਿਲਮ ਕ੍ਰਿਸ਼ 4 ਬਾਰੇ ਫ਼ਿਲਹਾਲ ਹੁਣ ਤਕ ਕੋਈ ਅਧਿਕਾਰਿਕ ਐਲਾਨ ਤਾਂ ਨਹੀਂ ਹੋਇਆ, ਪਰ ਇਹ ਫ਼ਿਲਮ ਕਾਫ਼ੀ ਸਮੇਂ ਤੋਂ ਚਰਚਾ ‘ਚ ਹੈ। ਇਸ ਫ਼ਿਲਮ ਬਾਰੇ ਕੁੱਝ ਨਾ ਕੁੱਝ ਖ਼ਬਰਾਂ ਹਰ ਰੋਜ਼ ਬਾਹਰ ਆਉਂਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਆਈ ਹੈ। ਫ਼ਿਲਮ ‘ਚ ਫ਼ੀਮੇਲ ਲੀਡ ਕੌਣ ਹੋਵੇਗੀ ਇਸ ਨੂੰ ਲੈ ਕੇ ਇੱਕ ਵਾਰ ਫ਼ਿਰ ਅਟਕਲਾਂ ਸ਼ੁਰੂ ਹੋਈਆਂ ਹਨ।
ਇਸ ਵਾਰ ਦੀਪਿਕਾ ਪਾਦੁਕੋਣ ਦਾ ਨਾਮ ਫ਼ਿਲਮ ਦੀ ਹੀਰੋਇਨ ਲਈ ਸਾਹਮਣੇ ਆਇਆ ਹੈ। ਦੀਪਿਕਾ ਦੇ ਨਾਮ ‘ਤੇ ਇਸ ਫ਼ਿਲਮ ਲਈ ਵਿੱਚਾਰ ਚੱਲ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਰਿਤਿਕ ਦੇ ਆਪੋਜ਼ਿਟ ਦੀਪਿਕਾ ਇਸ ਵਾਰ ਕ੍ਰਿਸ਼ 4 ‘ਚ ਨਜ਼ਰ ਆਵੇ। ਹਾਲਾਂਕਿ ਇਸ ਨਾਮ ‘ਤੇ ਵੀ ਕੋਈ ਪੱਕੀ ਮੋਹਰ ਨਹੀਂ ਲੱਗੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਦੀਪਿਕਾ ਪਾਦੁਕੋਣ ਦਾ ਨਾਮ ਫ਼ਾਈਨਲ ਮੰਨਿਆ ਜਾ ਰਿਹਾ ਹੈ।
ਦੀਪਿਕਾ ਤੋਂ ਇਲਾਵਾ ਦੋ ਹੋਰ ਅਭਿਨੇਤਰੀਆਂ ਦੇ ਨਾਂ ਦੀ ਪਹਿਲਾਂ ਵੀ ਚਰਚਾ ਕੀਤੀ ਗਈ ਸੀ, ਪਰ ਅਜੇ ਤਕ ਕੁੱਝ ਵੀ ਫ਼ਾਈਨਲ ਨਹੀਂ ਹੋਇਆ। ਦੀਪਿਕਾ ਪਾਦੁਕੋਣ ਤੇ ਰਿਤਿਕ ਰੌਸ਼ਨ ਨੇ ਹੁਣ ਤਕ ਕੋਈ ਵੀ ਫ਼ਿਲਮ ਇਕੱਠਿਆਂ ਨਹੀਂ ਕੀਤੀ।
ਦੋਵੇਂ ਲੰਮੇ ਸਮੇਂ ਤੋਂ ਇੰਡਸਟਰੀ ‘ਚ ਹਨ, ਪਰ ਅਜੇ ਤਕ ਉਨ੍ਹਾਂ ਦੀ ਜੋੜੀ ਕਦੇ ਵੀ ਸਿਲਵਰ ਸਕ੍ਰੀਨ ‘ਤੇ ਨਜ਼ਰ ਨਹੀਂ ਆਈ। ਦੂਜੇ ਪਾਸੇ ਜੇਕਰ ਰਿਤਿਕ ਦੀ ਗੱਲ ਕਰੀਏ ਤਾਂ ਰਿਪੋਰਟਾਂ ਅਨੁਸਾਰ ਰਿਤਿਕ ਕ੍ਰਿਸ਼ 4 ‘ਚ ਇੱਕ ਵਿਲੇਨ ਦੀ ਭੂਮਿਕਾ ਨਿਭਾਉਂਦਾ ਨਜ਼ਰ ਆ ਸਕਦਾ ਹੈ। ਹਾਲਾਂਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਿਤਿਕ ਦਾ ਕਿਰਦਾਰ ਕਿੰਨੇ ਕੁ ਗ੍ਰੇਅ ਸ਼ੇਡ ਵਾਲਾ ਹੋਵੇਗਾ।











