ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਿੱਲੀ ਅੰਦੋਲਨ ‘ਚ ਪਹੁੰਚੇ ਹੋਏ ਹਨ। ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਬੱਬੂ ਮਾਨ ਕਦੇ ਸਿੱਘੂ ਬਾਰਡਰ ਅਤੇ ਕਦੇ ਕੁੰਡਲੀ ਬਾਰਡਰ ‘ਤੇ ਲੱਗੇ ਧਰਨਿਆਂ ‘ਚ ਪਹੁੰਚ ਰਹੇ ਹਨ। ਇਸ ਦੌਰਾਨ ਬੱਬੂ ਮਾਨ ਸਟੇਜ ‘ਤੇ ਆਪਣੇ ਵਿਚਾਰਾਂ ਨਾਲ ਵੀ ਕਿਸਾਨੀ ਅੰਦੋਲਨ ‘ਚ ਖ਼ਾਸ ਯੋਗਦਾਨ ਪਾ ਰਹੇ ਹਨ।
ਹਾਲ ਹੀ ‘ਚ ਬੱਬੂ ਮਾਨ ਦੀਆਂ ਕੁੱਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਬੱਬੂ ਮਾਨ ਕਿਸਾਨੀ ਅੰਦੋਲਨ ‘ਚ ਪਹੁੰਚ ਕੇ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਬੱਬੂ ਮਾਨ ਦੀਆਂ ਕੁੱਝ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ ਜੋ ਗਾਜ਼ੀਪੁਰ ਬਾਰਡਰ ਦੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਬੱਬੂ ਮਾਨ ਝਾੜੂ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਕੂੜਾ ਕਰਕਟ ਵੀ ਇਕੱਠਾ ਕਰ ਰਹੇ ਹਨ। ਇੱਕ ਵੀਡੀਓ ‘ਚ ਬੱਬੂ ਮਾਨ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਬੱਬੂ ਮਾਨ ਦਿੱਲੀ ਕਿਸਾਨ ਅੰਦੋਲਨ ‘ਚ ਵਧ ਚੜ ਕੇ ਹਿੱਸਾ ਲੈ ਰਹੇ ਹਨ। ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਹਨ, ਜਿਸ ਦੇ ਚੱਲਦੇ ਉਹ ਕਿਸਾਨੀ ਨੂੰ ਲੈ ਕੇ ਕਈ ਗੀਤ ਵੀ ਦਰਸ਼ਕਾਂ ਦੇ ਰੂਬਰੂ ਕਰ ਚੁੱਕੇ ਹਨ।











