ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਮੰਦਾ ਬੋਲਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਕਿਹਾ – ਸ਼ਰਮ ਕਰੋ ਮਾੜੀ ਮੋਟੀ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ ਉਥੇ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਪਹੁੰਚ ਰਹੇ ਹਨ। ਪੰਜਾਬ ਦੇ ਪ੍ਰਸਿਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸ਼ੁਰੂ ਤੋਂ ਹੀ ਆਪਣੇ ਤਰੀਕੇ ਨਾਲ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਦੋ ਪੋਸਟਾਂ ਆਪਣੇ ਟਵਿਟਰ ਐਕਾਊਂਟ ‘ਤੇ ਸਾਂਝੀਆਂ ਕੀਤੀਆਂ ਜੋ ਉਸ ਦੇ ਇੱਕ ਸੁਝਵਾਨ ਇਨਸਾਨ ਹੋਣ ਦਾ ਸਬੂਤ ਹੈ। ਦਰਅਸਲ, ਦਿੱਲੀ ਦੀ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਲੈ ਕੇ ਕਈ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਧਰਨਿਆਂ ‘ਚ ਬੈਠੇ ਲੋਕ ਪਤਾ ਨਹੀਂ ਕੌਣ-ਕੌਣ ਹਨ। ਇਸੇ ਨੂੰ ਵੇਖਦਿਆਂ ਦਿਲਜੀਤ ਦੋਸਾਂਝ ਨੇ ਇਨ੍ਹਾਂ ਪੋਸਟਾਂ ‘ਤੇ ਟਵੀਟ ਸਾਂਝੇ ਕੀਤੇ ਹਨ। ਉਸ ਨੇ ਆਪਣੀ ਪਹਿਲੀ ਪੋਸਟ ‘ਚ ਇੱਕ ਬਜ਼ਰੁਗ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ, ”ਸਿਆਣੇ ਕਹਿੰਦੇ ਆ ਬੰਦਾ ਮਿੱਟੀ ਨਾਲ ਜੁੜਿਆ ਹੋਣਾ ਚਾਹੀਦਾ, ਦੱਸੋ ਕਿਸਾਨ ਤੋਂ ਜ਼ਿਆਦਾ ਮਿੱਟੀ ਨਾਲ ਕੌਣ ਜੁੜਿਆ ਹੋ ਸਕਦੈ। ਆ ਜਿਹੜੇ ਕਹਿੰਦੇ ਨੇ ਧਰਨੇ ‘ਤੇ ਕਿਸਾਨ ਨਹੀਂ ਪਤਾ ਨੀ ਕੌਣ-ਕੌਣ ਬੈਠੇ ਨੇ, ਸ਼ਰਮ ਕਰ ਲੈਣ ਮਾੜੀ-ਮੋਟੀ। ਬਾਬਾ ਭਲੀ ਕਰੇ ਸਭ ਜਲਦੀ ਠੀਕ ਹੋ ਜਾਵੇ।”
ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇੱਕ ਹੋਰ ਟਵੀਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਤਿੰਨ ਬਜ਼ਰੁਗ ਕਿਸਾਨਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੇ ਟਵੀਟ ‘ਚ ਕਿਹਾ, ”ਮਤ ਸਮਝੋ ਅਗਰ ਆਪਕੇ ਪਾਸ ਜ਼ਿਆਦਾ ਪੈਸੇ ਔਰ ਪਾਵਰ ਹੈ ਤੋ ਆਪ ਏਕ ਸਫ਼ਲ ਇਨਸਾਨ ਹੈਂ। ਜ਼ਿੰਦਗੀ ਕੀ ਬਾਜ਼ੀ ਕਿਸ ਨੇ ਜਿੱਤੀ ਹੈ ਯੇ ਰੱਬ ਜਾਨਤਾ ਹੈ।” ਦਿਲਜੀਤ ਦੋਸਾਂਝ ਨੇ ਆਪਣੇ ਅੰਦਾਜ਼ ‘ਚ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਆਖਦੇ ਹਨ ਕਿ ਕਿਸਾਨ ਅੰਦੋਲਨ ‘ਚ ਬੈਠੇ ਲੋਕ ਦਰਅਸਲ ਭਾੜੇ ਦੇ ਟੂ ਹਨ ਅਤੇ ਕਿਸਾਨ ਨਹੀਂ।