ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਇਕ ਕਰੋੜ ਦਾ ਅੰਕੜਾ ਛੂਹਣ ਦੇ ਕਰੀਬ ਪਹੁੰਚ ਗਏ ਹਨ। ਹਾਲਾਂਕਿ ਇਸ ਬੀਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ 95 ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਸਰਗਰਮ ਮਾਮਲੇ 3.13 ਲੱਖ ਰਹਿ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 22,890 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦਾ ਕੁੱਲ ਅੰਕੜਾ 99,79,447 ਹੋ ਗਿਆ। ਇਸ ਦੌਰਾਨ 31,087 ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 95.20 ਲੱਖ ਅਤੇ ਰਿਕਵਰੀ ਦਰ 95.40 ਫੀਸਦੀ ਹੋ ਗਈ ਹੈ। ਸਰਗਰਮ ਮਾਮਲੇ 8535 ਘੱਟ ਹੋ ਕੇ 3.13 ਲੱਖ ‘ਤੇ ਆ ਗਏ ਹਨ ਅਤੇ ਇਸ ਦੀ ਦਰ 3.14 ਫੀਸਦੀ ਰਹਿ ਗਈ ਹੈ।
ਇਸ ਮਿਆਦ ‘ਚ 338 ਮਰੀਜ਼ਾਂਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 1,44,789 ਹੋ ਗਿਆ ਹੈ ਅਤੇ ਮੌਤ ਦਰ ਹਾਲੇ 1.45 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ‘ਚ ਸਰਗਰਮ ਮਾਮਲੇ 4423 ਘੱਟਕੇ 64,053 ਰਹਿ ਗਏ ਹਨ। ਇਸ ਦੌਰਾਨ 65 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 48,449 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 17.74 ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਚੁਕੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ਦੀ ਗਿਣਤੀ 1063 ਘੱਟ ਹੋ ਕੇ 12,198 ਰਹਿ ਗਈ। ਉੱਥੇ ਹੀ 35 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 10,182 ਹੋ ਗਈ ਹੈ। ਦਿੱਲੀ ‘ਚ 5.90 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਹਨ।
News Credit :jagbani(punjabkesari)















