ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਕਿਸਾਨੀ ਸੰਘਰਸ਼ ਨਾਲ ਡਟਿਆ ਹੋਇਐ। ਸੋਸ਼ਲ ਮੀਡੀਆ ਰਾਹੀਂ ਅਮਰਿੰਦਰ ਗਿੱਲ ਅਤੇ ਉਸ ਦੀ ਪੂਰੀ ਟੀਮ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅਮਰਿੰਦਰ ਗਿੱਲ ਅਤੇ ਉਸ ਦੇ ਭਰਾ ਕਾਰਜ ਗਿੱਲ ਦੀ ਕੰਪਨੀ ਰਿਧਮ ਬੁਆਏਜ਼ ਐਂਟਰਟੇਨਮੈਂਟ ਨੇ ਵੀ ਕਿਸਾਨੀ ਸੰਘਰਸ਼ ‘ਚ ਆਪਣਾ ਸਮਰਥਨ ਦਿੰਦਿਆਂ ਇੱਕ ਵੱਡਾ ਕਦਮ ਚੁੱਕਿਆ। ਦਰਅਸਲ ਉਨ੍ਹਾਂ ਦੀ ਕੰਪਨੀ ਰਿਧਮ ਬੁਆਏਜ਼ ਐਂਟਰਟੇਨਮੈਂਟ ਨੇ ਜੀਓ ਸਾਵਨ ਤੋਂ ਆਪਣਾ ਸਾਰਾ ਕੌਨਟੈਂਟ ਹਟਾਉਣ ਦੀ ਗੱਲ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਹਾਲ ਹੀ ‘ਚ ਅਮਰਿੰਦਰ ਗਿੱਲ ਨੇ ਖ਼ੁਦ ਵੀ ਆਪਣੇ ਟਵਿਟਰ ਐਕਾਊਂਟ ‘ਤੇ ਇੱਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਨੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਇਸ ਕਦਮ ਦੀ ਪ੍ਰਸ਼ੰਸਾਂ ਕੀਤੀ ਅਤੇ ਹੁਣ ਉਹ ਖ਼ੁਦ ਵੀ ਸਾਰਿਆਂ ਨੂੰ ਅਪੀਲ ਕਰ ਰਹੇ ਹਨ ਅਤੇ ਰਿਲਾਇੰਸ ਤੇ ਜੀਓ ਸਾਵਨ ਦਾ ਬਾਈਕਾਟ ਕਰਨ ਨੂੰ ਆਖ ਰਹੇ ਹਨ।











