ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ ਸ਼ੁਰੂ ਹੋ ਗਿਆ ਹੈ। ਕਿਸਾਨ ਮਾਰੂ ਖ਼ੇਤੀ ਬਿੱਲਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ ‘ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਥੇ ਹੀ ਰੈਪ ਸਟਾਰ ਯੋ ਯੋ ਹਨੀ ਸਿੰਘ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਆਪਣੇ ਅਗਲੇ ਗੀਤ Chaj ਦੀ ਰਿਲੀਜ਼ਿੰਗ ਰੋਕ ਦਿੱਤੀ ਹੈ। ਦਰਅਸਲ ਦਿੱਲੀ ਵਿਖੇ ਹੋ ਰਹੇ ਕਿਸਾਨ ਅੰਦੋਲਨ ‘ਚ ਪੰਜਾਬੀ ਕਲਾਕਾਰ ਵੀ ਆਪਣਾ ਸਮਰਥਨ ਦੇ ਰਹੇ ਹਨ ਜਿਸ ਕਾਰਨ ਇਹ ਗਾਇਕ ਆਪਣੇ ਸਿੰਗਲ ਟ੍ਰੈਕਸ ਦੀ ਬਜਾਏ ਕਿਸਾਨਾਂ ਨਾਲ ਜੁੜੇ ਗੀਤ ਰਿਲੀਜ਼ ਕਰ ਰਹੇ ਹਨ।
ਕੁੱਝ ਗਾਇਕਾਂ ਨੇ ਕਿਸਾਨ ਅੰਦੋਲਨ ਕਾਰਨ ਆਪਣੇ ਅਗਲੇ ਪ੍ਰੌਜੈਕਟਸ ਵੀ ਮੁਲਤਵੀ ਕਰ ਦਿੱਤੇ ਹਨ। ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ Chaj ਨੂੰ ਕਿਸਾਨਾਂ ਦੇ ਸਮਰਥਨ ‘ਚ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਹਨੀ ਸਿੰਘ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰ ਲਿਖਿਆ, ”ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਜ਼ਤ ਕਰਦਿਆਂ ਇਸ ਦਸੰਬਰ ਮੇਰਾ ਨਵਾਂ ਗੀਤ ਨਹੀਂ ਆਵੇਗਾ, ਪਰ ਇਹ ਜਲਦ ਰਿਲੀਜ਼ ਹੋਵੇਗਾ।” ਇਸ ਤੋਂ ਪਹਿਲਾ ਹਨੀ ਸਿੰਘ ਨੇ ਕਿਸਾਨਾਂ ਲਈ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।












