ਪਿਛਲੇ ਕੁੱਝ ਦਿਨਾਂ ਤੋਂ ਕਈ ਮਸ਼ਹੂਰ ਹਸਤੀਆਂ ਦਿੱਲੀ ਦੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀਆਂ ਹਨ। ਹਾਲ ਹੀ ‘ਚ ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖੀ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ। ਇਸ ਦੇ ਨਾਲ ਹੀ ਬੌਲੀਵੁਡ ਦੀਆਂ ਦੋ ਵੱਡੀਆਂ ਨਾਇਕਾਵਾਂ ਵੀ ਇਸ ਸੂਚੀ ‘ਚ ਸ਼ਾਮਿਲ ਹੋ ਗਈਆਂ ਹਨ।
ਫ਼ੈਸ਼ਨ ਆਈਕੌਨ ਸੋਨਮ ਕਪੂਰ ਅਤੇ ਗਲੋਬਲ ਆਈਕੌਨ ਪ੍ਰਿਅੰਕਾ ਚੋਪੜਾ ਹੁਣ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਈਆਂ ਹਨ। ਸੋਨਮ ਅਤੇ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਸੋਨਮ ਨੇ ਟਵਿਟਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਇੱਕ ਪੋਸਟ ਲਿਖੀ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਤਸਵੀਰ ਸਾਂਝੀ ਕੀਤੀ ਹੈ।
ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਕਿਸਾਨਾਂ ਨੂੰ ਫ਼ੂਡ ਸੋਲਜਰ ਕਹਿੰਦੀਆਂ ਟਵੀਟ ਕੀਤਾ। ਗਲੋਬਲ ਆਈਕੌਨ ਪ੍ਰਿਯੰਕਾ ਚੋਪੜਾ ਨੇ ਵੀ ਕਿਸਾਨਾਂ ਨੂੰ ਭਾਰਤੀ ਸੈਨਿਕ ਕਿਹਾ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਆਖੀ ਹੈ। ਪ੍ਰਿਯੰਕਾ ਨੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਪੋਸਟ ‘ਚ ਲਿਖਿਆ ਕਿ, ”ਸਾਡੇ ਕਿਸਾਨ ਭਾਰਤ ਦੇ ਭੋਜਨ ਸਿਪਾਹੀ ਹਨ। ਉਨ੍ਹਾਂ ਦੇ ਡਰ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਲੋਕਤੰਤਰੀ ਹੋਣ ਦੇ ਨਾਤੇ ਸਾਨੂੰ ਲਾਜ਼ਮੀ ਤੌਰ ‘ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁਸ਼ਕਿਲ ਦਾ ਹੱਲ ਬਾਅਦ ਦੀ ਥਾਂ ਜਲਦੀ ਨਿਕਲਨਾ ਚਾਹੀਦਾ ਹੈ।”
ਕੰਗਨਾ ਦੇ ਬਿਆਨਾਂ ਤੋਂ ਭੜਕੀ ਸਵਰਾ ਭਾਸਕਰ ਨੇ ਕਿਹਾ ਉਸ ਦਾ ਏਜੰਡਾ ਜ਼ਹਿਰ ਫ਼ੈਲਾਉਣ ਵਾਲਾ ਹੈ
ਅਦਾਕਾਰਾ ਕੰਗਨਾ ਰਣੌਤ ਨੂੰ ਉਨ੍ਹਾਂ ਦੇ ਵਿਵਾਦਿਤ ਬਿਆਨਾਂ ਲਈ ਜਾਣਿਆ ਜਾਂਦਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਦੀਆਂ ਕਹੀਆਂ ਗੱਲਾਂ ਨੇ ਨਾ ਸਿਰਫ਼ ਬੌਲੀਵੁਡ ਸਟਾਰਸ ਨੂੰ ਸੋਸ਼ਲ ਮੀਡੀਆ ‘ਤੇ ਐਕਟਿਵ ਕਰ ਦਿੱਤਾ ਹੈ। ਸਗੋਂ ਆਪਣੀ ਭਾਸ਼ਾ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਦੇਸ਼ ਵਿੱਚ ਜਾਰੀ ਕਿਸਾਨ ਅੰਦੋਲਨ ‘ਤੇ ਵੀ ਕੰਗਨਾ ਨੇ ਆਪਣੇ ਵਿੱਚਾਰ ਰੱਖੇ ਹਨ ਪਰ ਵਿੱਚਾਰ ਰੱਖਦੇ-ਰੱਖਦੇ ਉਨ੍ਹਾਂ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ਵੱਡਾ ਬਵਾਲ ਖੜਾ ਹੋ ਗਿਆ। ਉਨ੍ਹਾਂ ਨੇ ਸ਼ਾਹੀਨ ਬਾਗ਼ ਵਾਲੀ ਦਾਦੀ ਨੂੰ ਲੈ ਕੇ ਭੱਦੀ ਟਿੱਪਣੀ ਕਰ ਦਿੱਤੀ। ਇਸ ਮੁੱਦੇ ‘ਤੇ ਦਿਲਜੀਤ ਦੋਸਾਂਝ ਨਾਲ ਲੰਬਾ ਟਵਿਟਰ ਵਾਰ ਖੇਡ ਚੁੱਕੀ ਕੰਗਨਾ ਨੂੰ ਹੁਣ ਸਵਰਾ ਭਾਸਕਰ ਨੇ ਆਪਣੇ ਨਿਸ਼ਾਨੇ ‘ਤੇ ਲੈ ਲਿਆ ਹੈ। ਕੰਗਨਾ ਦੇ ਬਿਆਨਾਂ ‘ਤੇ ਸਵਰਾ ਭਾਸਕਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਸਵਰਾ ਭਾਸਕਰ ਨੇ ਕੰਗਨਾ ਦੇ ਬਿਆਨਾਂ ਨੂੰ ਘੱਟੀਆ ਅਤੇ ਅਪਮਾਨਜਨਕ ਕਰਾਰ ਦਿੱਤਾ ਹੈ। ਉਹ ਕਹਿੰਦੀ ਹੈ, ”ਕੰਗਣੇ ਦੇ ਇਹ ਬਿਆਨ ਘੱਟੀਆ ਹਨ। ਕੰਗਨਾ ਦਾ ਕੰਮ ਹੀ ਜ਼ਹਿਰ ਫ਼ੈਲਾਉਣਾ ਰਹਿ ਗਿਆ ਹੈ। ਉਨ੍ਹਾਂ ਦਾ ਹਰ ਟਵੀਟ ਕਿਸੇ ਨਾ ਕਿਸੇ ਏਜੰਡੇ ਤੋਂ ਪ੍ਰੇਰਿਤ ਰਹਿੰਦਾ ਹੈ।
ਉਹ ਕਹਿੰਦੀ ਹੈ, ”ਮੈਨੂੰ ਇਸ ਗੱਲ ਤੋਂ ਜ਼ਿਆਦਾ ਤਕਲੀਫ਼ ਹੈ ਕਿ ਕੰਗਨਾ ਬਜ਼ੁਰਗਾਂ ਖ਼ਿਲਾਫ਼ ਕਿਹੋਂ ਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਹੀ ਹੈ। ਉਸ ਨੇ ਜਯਾ ਬੱਚਨ ਜੀ ਅਤੇ ਦੂਜੇ ਸੀਨੀਅਰਜ਼ ਲਈ ਕਿਹਾ ਹੈ, ”ਇਹ ਸਿੱਧੇ-ਸਿੱਧੇ ਬਦਤਮੀਜ਼ੀ ਹੈ। ਉਥੇ ਹੀ ਕੰਗਨਾ ਦੇ 100 ਰੁਪਏ ਵਾਲੇ ਬਿਆਨ ‘ਤੇ ਰੀਐਕਟ ਕਰਦੇ ਹੋਏ ਸਵਰਾ ਨੇ ਕਿਹਾ – ਮਹਿੰਦਰ ਕੌਰ ਜੀ ਲਈ ਕੰਗਨਾ ਨੇ ਜਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ ਉਹ ਬਹੁਤ ਘਿਣਾਉਣੀ ਸੀ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”
ਕਿਸਾਨਾਂ ਦੇ ਹੱਕ ਲਈ ਖੜ੍ਹੇ ਕਲਾਕਾਰ, ਉੱਘੇ ਫ਼ਿਲਮਸਾਜ਼ ਰਾਜੀਵ ਵਲੋਂ ਰਾਸ਼ਟਰਪਤੀ ਐਵਾਰਡ ਵਾਪਿਸ ਕਰਨ ਦਾ ਐਲਾਨ
ਉੱਘੇ ਲੋਕ ਪੱਖੀ ਫ਼ਿਲਮਸਾਜ਼ ਰਾਜੀਵ ਨੇ ਅੱਜ ਦਿੱਲੀ ਵਿਖੇ ਟਿੱਕਰੀ ਬਾਰਡਰ ‘ਤੇ ਲੱਗੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਲਾਂ ਲੰਮੇ ਪੰਡਾਲ ਵਿੱਚ ਪਹੁੰਚ ਕੇ ਇਹ ਐਲਾਨ ਕੀਤਾ, ”ਮੈਂ ਕਿਸਾਨਾਂ ‘ਤੇ ਮੜ੍ਹੇ ਖੇਤੀ ਕਾਨੂੰਨਾਂ ਅਤੇ ਇਸ ਮੁੱਦੇ ‘ਤੇ ਕੇਂਦਰੀ ਹਕੂਮਤ ਦੇ ਨਾਂਹ ਪੱਖੀ ਰਵੱਈਏ ਦੇ ਚੱਲਦਿਆਂ ਆਪਣੀਆਂ ਫ਼ਿਲਮਾਂ ਲਈ ਮਿਲੇ ਹੋਏ ਰਾਸ਼ਟਰਪਤੀ ਐਵਾਰਡ ਨੂੰ ਵਾਪਿਸ ਕਰਦਾ ਹਾਂ।” ਉਨ੍ਹਾਂ ਆਖਿਆ ਕਿ ਮੈਂ ਜਿਹਨਾਂ ਕਿਰਤੀ ਲੋਕਾਂ ਦੀ ਬੇਹਤਰੀ ਲਈ ਆਪਣੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਜਿਸ ਦੇ ਬਦਲੇ ਮੈਨੂੰ ਐਵਾਰਡ ਪ੍ਰਾਪਤ ਹੋਏ ਹਨ, ਪਰ ਅੱਜ ਉਹੀ ਲੋਕ ਸਰਦ ਰਾਤਾਂ ‘ਚ ਸੜਕਾਂ ‘ਤੇ ਰੁਲ ਰਹੇ ਹਨ ਅਤੇ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ। ਅਜਿਹੇ ਹਾਲਾਤ ‘ਚ ਸਰਕਾਰ ਵਲੋਂ ਮਿਲੇ ਐਵਾਰਡਾਂ ਨੂੰ ਆਪਣੇ ਕੋਲ ਰੱਖਣਾ ਵਾਜਬ ਨਹੀਂ।
ਇਸ ਮੌਕੇ ਪੰਡਾਲ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੀ ਮੌਜੂਦ ਸਨ। ਰਾਜੀਵ ਅਤੇ ਸੁਰਿੰਦਰ ਸ਼ਰਮਾ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਇਕੱਠ ‘ਚ ਪੁੱਜੇ ਅਤੇ ਉਨ੍ਹਾਂ ਭਰੇ ਇਕੱਠ ‘ਚ ਆਪਣੀਆਂ ਫ਼ਿਲਮਾਂ ਬਦਲੇ ਮਿਲੇ ਰਾਸ਼ਟਰਪਤੀ ਐਵਾਰਡ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ। ਰਾਜੀਵ ਨਾਬਰ, ਆਤੂ ਖੋਜੀ, ਚੰਮ, ਆਪਣਾ ਪਾਸ਼ ਅਤੇ ਸੀਰੀ ਵਰਗੀਆਂ ਬਹੁ ਚਰਚਿਤ ਫ਼ਿਲਮਾਂ ਦਾ ਨਿਰਮਾਣ ਕਰਨ ਰਾਹੀਂ ਦੇਸ਼ ਵਿਦੇਸ਼ ‘ਚ ਵਸਦੇ ਪੰਜਾਬੀ ਜਗਤ ਅੰਦਰ ਨਾਮਣਾ ਖੱਟ ਚੁੱਕੇ ਹਨ।
ਦੱਸਣਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਉਨ੍ਹਾਂ ਸਾਰੇ ਖਿਡਾਰੀਆਂ ਦਾ ਵੀ ਸਮਰਥਨ ਕੀਤਾ ਜਿਹੜੇ ਆਪਣੇ ਐਵਾਰਡ ਵਾਪਿਸ ਕਰ ਰਹੇ ਹਨ। ਯੋਗਰਾਜ ਨੇ ਦੱਸਿਆ, ”ਕਿਸਾਨ ਸਹੀ ਚੀਜ਼ ਦੀ ਮੰਗ ਕਰ ਰਹੇ ਹਨ, ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਸਲ ਵਿੱਚ ਇਹ ਸਹੀ ਸਮਾਂ ਹੈ ਕਿ ਸਰਕਾਰ ਨੂੰ ਇਸ ਸੰਬੰਧ ਵਿੱਚ ਹੱਲ ਕੱਢਣਾ ਚਾਹੀਦਾ ਹੈ, ਅਤੇ ਮੈਂ ਉਨ੍ਹਾਂ ਸਾਰੇ ਖਿਡਾਰੀਆਂ ਦਾ ਸਮਰਥਨ ਕਰਦਾ ਹਾਂ ਜੋ ਆਪਣੇ ਵੱਕਾਰੀ ਐਵਾਰਡ ਵਾਪਿਸ ਕਰ ਰਹੇ ਹਨ।” ਉਨ੍ਹਾਂ ਕਿਹਾ, ‘ਐਵਾਰਡ ਵਾਪਿਸ ਕਰਨ ਵਾਲੇ ਖਿਡਾਰੀਆਂ ਦਾ ਇਹ ਮਤਲਬ ਨਹੀਂ ਕਿ ਉਹ ਐਵਾਰਡ ਦੀ ਮਹੱਤਤਾ ਘਟਾ ਰਹੇ ਹਨ। ਇਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਆਪਣੀ ਇਕਮੁੱਠਤਾ ਦਿਖਾਉਣ ਦਾ ਉਨ੍ਹਾਂ ਦਾ ਤਰੀਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਨਾਲ ਹਨ, ਉਹ ਸਹੀ ਚੀਜ਼ ਦੀ ਮੰਗ ਕਰ ਰਹੇ ਹਨ।











