ਬੌਲੀਵੁਡ ਅਦਾਕਾਰ ਅਤੇ ਗੁਰਦਾਸ ਤੋਂ MP ਸਨੀ ਦਿਓਲ ਨੇ ਆਖਿਰਕਾਰ ਕਿਸਾਨਾਂ ਦੇ ਮਸਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸਨੀ ਦਿਓਲ ਕਿਸਾਨ ਧਰਨਿਆਂ ‘ਤੇ ਸ਼ੁਰੂ ਤੋਂ ਹੀ ਕੁੱਝ ਬੋਲਣ ਤੋਂ ਬਚਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਇਸ ਮਸਲੇ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਸਨੀ ਦਿਓਲ ਨੇ ਟਵਿਟਰ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਲਿਖਿਆ, ”ਮੇਰੀ ਪੂਰੀ ਦੁਨੀਆ ਨੂੰ ਬੇਨਤੀ ਹੈ ਕਿ ਇਹ ਕਿਸਾਨ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ। ਇਸ ਵਿਚਾਲੇ ਕੋਈ ਵੀ ਨਾ ਆਵੇ ਕਿਉਂਕਿ ਦੋਵੇਂ ਆਪਸ ‘ਚ ਗੱਲਬਾਤ ਕਰ ਕੇ ਇਸ ਦਾ ਹੱਲ ਕੱਢਣਗੇ। ਮੈਂ ਜਾਣਦਾ ਹਾਂ ਕਈ ਲੋਕ ਇਸ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਲੋਕ ਅੜਚਨ ਪਾ ਰਹੇ ਹਨ। ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚ ਰਹੇ, ਉਨ੍ਹਾਂ ਦਾ ਆਪਣਾ ਹੀ ਖ਼ੁਦ ਦਾ ਕੋਈ ਸੁਆਰਥ ਹੋ ਸਕਦਾ ਹੈ।”
ਸਨੀ ਦਿਓਲ ਸਿਰਫ਼ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਚੋਣਾਂ ਦੌਰਾਨ ਪੰਜਾਬ ‘ਚ ਪੂਰਾ ਲੇਖਾ-ਜੋਖਾ ਦੇਖਣ ਵਾਲੇ ਆਪਣੇ ਸਾਥੀ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਬਾਰੇ ਵੀ ਗੱਲਬਾਤ ਕੀਤੀ ਹੈ ਅਤੇ ਕਿਹਾ, ”ਦੀਪ ਸਿੱਧੂ ਜੋ ਚੋਣਾਂ ਸਮੇਂ ਮੇਰੇ ਨਾਲ ਸੀ, ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ। ਉਹ ਜੋ ਕੁੱਝ ਕਹਿ ਰਿਹਾ ਹੈ ਅਤੇ ਕਰ ਰਿਹਾ ਹੈ, ਉਹ ਖ਼ੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ। ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਾਂ ਅਤੇ ਹਮੇਸ਼ਾ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਬਾਰੇ ਹੀ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰ ਕੇ ਸਹੀ ਨਤੀਜੇ ‘ਤੇ ਪਹੁੰਚੇਗੀ।”
ਦੱਸਣਯੋਗ ਹੈ ਕਿ 2 ਦਸੰਬਰ ਨੂੰ ਇੱਕ ਟਵੀਟ ਰਾਹੀਂ ਸਨੀ ਦਿਓਲ ਨੇ ਇਹ ਵੀ ਦੱਸਿਆ ਸੀ ਕਿ ਉਹ ਕੋਰੋਨਾ ਪੌਜ਼ੇਟਿਵ ਆਏ ਹਨ ਅਤੇ ਘਰ ‘ਚ ਕੁਐਰਨਟੀਨ ‘ਚ ਹਨ। ਸਨੀ ਦਿਓਲ ਨੇ ਲਿਖਿਆ ਸੀ, ”ਮੈਂ ਕੋਰੋਨਾ ਟੈੱਸਟ ਕਰਵਾਇਆ ਅਤੇ ਰਿਪੋਰਟ ਪੌਜ਼ੇਟਿਵ ਆਈ ਹੈ। ਮੈਂ ਇੱਕਾਂਤਵਾਸ ‘ਚ ਹਾਂ ਅਤੇ ਮੇਰੀ ਸਿਹਤ ਠੀਕ ਹੈ। ਮੇਰੀ ਬੇਨਤੀ ਹੈ ਕਿ ਤੁਹਾਡੇ ‘ਚੋਂ ਜੋ ਵੀ ਲੋਕ ਬੀਤੇ ਕੁੱਝ ਦਿਨਾਂ ਤੋਂ ਮੇਰੇ ਸੰਪਰਕ ‘ਚ ਆਏ ਸਨ, ਕਿਰਪਾ ਕਰ ਕੇ ਖ਼ੁਦ ਨੂੰ ਆਈਸੋਲੇਟ ਕਰ ਕੇ ਆਪਣੀ ਜਾਂਚ ਕਰਵਾਉਣ।












