ਸਾਡੇ ਦਿਮਾਗ਼ ਸੁਸਤ ਅਤੇ ਭੌਂਡੇ ਹਨ। ਸਾਡੇ ‘ਚੋਂ ਸਭ ਤੋਂ ਵੱਧ ਚਲਾਕ ਵੀ ਬਹੁਤਾ ਤੇਜ਼ ਨਹੀਂ ਸੋਚ ਸਕਦੇ ਕਿਉਂਕਿ ਸਾਡੀਆਂ ਅਕਲਾਂ ਸਮਝਣ ਦੀ ਸ਼ਕਤੀ ਨਾਲ ਭਰਪੂਰ ਯੰਤਰ ਹਨ ਨਾ ਕਿ ਨਿਰਮਾਣ ਦੀ। ਸਾਡੇ ਦਿਲ ਇਨ੍ਹਾਂ ਤੋਂ ਕਿਤੇ ਤੇਜ਼ ਹਨ। ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਸਵਾਲ ਪੁੱਛੇ ਜਾਣ ਤੋਂ ਵੀ ਪਹਿਲਾਂ ਹੀ ਪਤਾ ਹੁੰਦੇ ਨੇ। ਨਾ ਹੀ ਉਹ ਕਦੇ ਗ਼ਲਤ ਹੁੰਦੇ ਨੇ, ਭਾਵੇਂ ਤਰਕ ਅਤੇ ਵਿਸ਼ਲੇਸ਼ਣ ਦੀਆਂ ਸਾਡੀਆਂ ਸ਼ਕਤੀਆਂ ਸਾਨੂੰ ਇਹ ਜ਼ੋਰ ਦੇ ਕੇ ਸਮਝਾ ਰਹੀਆਂ ਹੋਣ ਕਿ ਸ਼ਾਇਦ ਉਹ ਗ਼ਲਤ ਹੀ ਹੋਣ। ਇਸ ਸਭ ਨੂੰ ਆਪਣੇ ਜ਼ਹਿਨ ‘ਚ ਚੇਤੇ ਰੱਖਣ ਦੀ ਕੋਸ਼ਿਸ਼ ਕਰਿਓ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਫ਼ੈਸਲਾ ਲੈਣ ਦੇ ਮਾਮਲੇ ‘ਚ ਸੰਘਰਸ਼ ਕਰ ਰਹੇ ਹੋ? ਬਿਲਕੁਲ ਵੀ ਨਹੀਂ। ਫ਼ੈਸਲਾ ਤਾਂ ਪਹਿਲਾਂ ਹੀ ਹੋ ਚੁੱਕੈ। ਤੁਸੀਂ ਕੇਵਲ ਉਸ ਨੂੰ ਉਚਿਤ ਸਿੱਧ ਕਰਨ ‘ਚ ਸੰਘਰਸ਼ ਕਰ ਰਹੇ ਹੋ। ਸੰਘਰਸ਼ ਕਰਨਾ ਛੱਡੋ। ਕੇਵਲ ਕਬੂਲ ਕਰੋ।
ਤੁਸੀਂ ਇੱਕ ਵਿਹਾਰਕ ਕਦਮ ਚੁੱਕ ਕੇ ਆਪਣੇ ਅੱਜ ਪ੍ਰਤੀ ਸਾਕਾਰਾਤਮਕ ਪਹੁੰਚ ਅਪਨਾ ਸਕਦੇ ਹੋ। ਤੁਸੀਂ ਕੁੱਝ ਸੁਲਝਾ ਸਕਦੇ ਹੋ, ਕੁੱਝ ਖ਼ਾਲੀ ਕਰ ਸਕਦੇ ਹੋ, ਕੋਈ ਚਿਰੋਕਣਾ ਲਟਕਿਆ ਮਾਮਲਾ ਨਿਪਟਾ ਸਕਦੇ ਹੋ, ਕਿਸੇ ਚੱਲ ਰਿਹਾ ਵਿਵਾਦ ਖ਼ਤਮ ਕਰ ਸਕਦੇ ਹੋ, ਅਨਿਸ਼ਚਿਤਤਾ ਦਾ ਕੋਈ ਸ੍ਰੋਤ ਹਟਾ ਸਕਦੇ ਹੋ ਅਤੇ ਆਪਣੇ ਦ੍ਰਿੜ ਅਤੇ ਸਪੱਸ਼ਟ ਇਰਾਦੇ ਦਾ ਐਲਾਨ ਕਰ ਸਕਦੇ ਹੋ। ਇਸ ਨਾਲ ਫ਼ਰਕ ਕੀ ਪਵੇਗਾ? ਬਹੁਤ ਵੱਡਾ। ਬਹੁਤ ਕੁੱਝ ਨਜ਼ਰਅੰਦਾਜ਼ ਕੀਤਾ ਜਾ ਰਿਹੈ, ਇਸ ਉਮੀਦ ‘ਚ ਛੁਪਾਇਆ ਜਾ ਰਿਹੈ ਕਿ ਕਿਸੇ ਨੂੰ ਕਦੇ ਪਤਾ ਹੀ ਨਹੀਂ ਚੱਲੇਗਾ, ਅਤੇ ਉਹ ਉੱਥੇ ਹੀ ਸੜਦਾ ਰਹੇਗਾ ਜਾਂ ਫ਼ਿਰ ਬਿਨਾ ਸਵਾਲ ਕਬੂਲ ਕਰ ਲਿਆ ਜਾਵੇਗਾ। ਬਹੁਤੀਆਂ ਚੀਜ਼ਾਂ ਤੁਹਾਡੇ ਕੰਟਰੋਲ ‘ਚ ਨਹੀਂ, ਪਰ ਕਈ ਅਜਿਹੀਆਂ ਪ੍ਰਕਿਰਿਆਵਾਂ ਹਨ ਜਿਨ੍ਹਾਂ ਦੇ ਨਤੀਜਿਆਂ ਨੂੰ ਤੁਸੀਂ ਪ੍ਰਭਾਵਿਤ ਕਰ ਸਕਦੇ ਹੋ … ਅਤੇ ਤੁਹਾਨੂੰ ਕਰਨਾ ਵੀ ਚਾਹੀਦੈ।
ਜੇਕਰ ਤੇਰੇ ਕੋਲ ਕਹਿਣ ਲਈ ਕੁੱਝ ਚੰਗਾ ਨਹੀਂ ਤਾਂ ਫ਼ਿਰ ਇਹੀ ਚੰਗੈ ਕਿ ਤੂੰ ਕੁੱਝ ਵੀ ਕਹਿਣ ਤੋਂ ਗ਼ੁਰੇਜ਼ ਕਰ। ਜਦੋਂ ਮੈਂ ਛੋਟਾ ਸਾਂ ਤਾਂ ਲੋਕ ਮੈਨੂੰ ਅਕਸਰ ਇਹ ਮਤ ਦਿੰਦੇ ਹੁੰਦੇ ਸਨ, ਅਤੇ ਇਹ ਇੱਕ ਚੰਗੀ ਸਲਾਹ ਸੀ। ਕਈ, ਨਿਰਸੰਦੇਹ, ਅਜਿਹੇ ਵਕਤ ਹੁੰਦੇ ਹਨ ਜਦੋਂ ਸਾਨੂੰ ਨਿਸ਼ਕਪਟ, ਬੇਬਾਕ ਅਤੇ, ਇੱਥੋਂ ਤਕ ਕਿ, ਗੁਸਤਾਖ਼ ਹੋਣਾ ਪੈਂਦੈ। ਫ਼ਿਰ ਵੀ, ਪਰ, ਅਸੀਂ ਅਜਿਹਾ ਪ੍ਰੇਮ ਪੂਰਵਕ ਕਰ ਸਕਦੇ ਹਾਂ – ਜਾਂ ਘੱਟੋਘੱਟ ਹਾਲਾਤ ਦੇ ਮੱਦੇਨਜ਼ਰ ਜਿੰਨਾ ਵੀ ਪਿਆਰ ਨਾਲ ਹੋ ਸਕੇ। ਤੁਹਾਨੂੰ ਕਿਸੇ ਸਥਿਤੀ ਪ੍ਰਤੀ ਆਪਣੀ ਨਾਪ੍ਰਵਾਨਗੀ ਜ਼ਾਹਿਰ ਕਰਨ ਦਾ ਲਾਲਚ ਸਤਾ ਰਿਹੈ। ਆਪਣੀ ਨਾਪਸੰਦਗੀ ਨੂੰ ਨਿਮਰਤਾ ਦੇ ਲੇਪ ‘ਚ ਲਪੇਟੋ ਅਤੇ ਆਪਣੇ ਮਿੱਠੇ ਬੋਲਾਂ ਦੇ ਫੁੱਲਾਂ ਨਾਲ ਢਕੋ। ਜੇਕਰ ਤੁਹਾਡੀ ਨੁਕਤਾਚੀਨੀ ਉਸਾਰੂ ਹੋਈ ਅਤੇ ਨਜ਼ਾਕਤ ਨਾਲ ਕਹਿ ਦਿੱਤੀ ਗਈ ਤਾਂ ਉਸ ਨੂੰ ਬਿਹਤਰ ਢੰਗ ਨਾਲ ਲਿਆ ਜਾਵੇਗਾ।
ਕੀ ਇਹ ਤੁਹਾਡੀ ਜ਼ਿੰਦਗੀ ਹੈ? ਕੀ ਇਹ ਤੁਹਾਡੀ ਦੁਨੀਆਂ ਹੈ? ਜਾਂ ਫ਼ਿਰ ਤੁਸੀਂ ਕੇਵਲ ਇਹ ਸਭ ਕੁੱਝ ਉਧਾਰ ‘ਚ ਲਿਐ? ਜੇਕਰ ਇਹ ਦੁਨੀਆਂ ਸਾਡੀ ਨਹੀਂ ਤਾਂ ਫ਼ਿਰ ਇਹ ਹੋਰ ਵੀ ਜ਼ਰੂਰੀ ਹੋ ਜਾਂਦੈ ਕਿ ਅਸੀਂ ਇਸ ਦੀ ਕਦਰ ਕਰੀਏ। ਅਸੀਂ ਟੀਨਏਜਰਾਂ ਦੀ ਹਮੇਸ਼ਾਂ ਨੁਕਤਾਚੀਨੀ ਕਰਦੇ ਹਾਂ ਕਿ ਉਹ ਆਪਣੇ ਘਰਾਂ ‘ਚ ਰਹਿੰਦੇ ਹੋਏ ਵੀ ਉਨ੍ਹਾਂ ਨਾਲ ਹੋਟਲਾਂ ਵਾਲਾ ਵਿਹਾਰ ਕਰਦੇ ਹਨ – ਪਰ ਦੇਖੋ ਅਸੀਂ ਬਾਲਗ ਆਪਣੇ ਗ੍ਰਹਿ ਦਾ ਕਿਵੇਂ ਸਤਿਆਨਾਸ ਮਾਰ ਰਹੇ ਹਾਂ। ਅਤੇ ਅਸੀਂ ਆਪਣੇ ਆਪ ਨਾਲ ਅਤੇ ਦੂਸਰਿਆਂ ਨਾਲ ਕਿੰਨੀ ਬੁਰੀ ਤਰ੍ਹਾਂ ਪੇਸ਼ ਆਉਂਦੇ ਹਾਂ। ਤਸੀਂ ਆਪਣੇ ਜੀਵਨ ਦੇ ਹਰ ਪਹਿਲੂ ਨੂੰ ਸਿਹਤਮੰਦ ਬਣਾਉਣ ਲਈ ਦ੍ਰਿੜਸੰਕਲਪ ਹੋ। ਕੁੱਝ ਸਹਿਮਤੀ ਅਤੇ ਸਮਝਦਾਰੀ ਨਾਲ, ਤੁਸੀਂ ਆਪਣੇ ਇਸ ਉੱਦਮ ‘ਚ ਸਫ਼ਲ ਹੋ ਜਾਵੋਗੇ, ਖ਼ਾਸਕਰ ਜੇ ਤੁਸੀਂ ਆਪਣੇ ਮਾਮਲਿਆਂ ਅਤੇ ਮਸਲਿਆਂ ਨੂੰ ਸਵੀਕਾਰ ਕਰ ਕੇ ਉਨ੍ਹਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ।
ਜੋ ਤੁਸੀਂ ਕਰ ਰਹੇ ਹੋ ਉਹ ਕਿਉਂ ਕਰ ਰਹੇ ਹੋ? ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਕਿਉਂ ਜਾ ਰਹੇ ਹੋ? ਇਸ ਤੋਂ ਪਹਿਲਾਂ ਕਿ ਅਸੀਂ ਇਸ ਤੋਂ ਅੱਗੇ ਵਧੀਏ, ਉਪਰੋਕਤ ਸਵਾਲਾਂ ਬਾਰੇ ਤੁਹਾਡੇ ਜਵਾਬ ਜ਼ਰਾ ਮੈਂ ਇੱਕ ਵਾਰ ਚੈੱਕ ਕਰਨਾ ਚਾਹਾਂਗਾ। ਕੇਵਲ ਇੱਕ ਜਵਾਬ ਹੀ ਪ੍ਰਵਾਨਿਤ ਹੈ: ”ਮੈਨੂੰ ਨਹੀਂ ਪਤਾ।” ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਪਤੈ ਤਾਂ ਤੁਸੀਂ ਗ਼ਲਤ ਹੋ। ਜੇਕਰ ਤੁਸੀਂ ਅਨਿਸ਼ਚਿਤਤ ਹੋ ਤਾਂ ਤੁਸੀਂ ਸੁਰੱਖਿਅਤ ਹੋ। ਆਪਣੀ ਜ਼ਿੰਦਗੀ ‘ਚ ਸ਼ੱਕ ਨੂੰ ਇਸ ਵਕਤ ਕੀਮਤੀ ਸਮਝੋ। ਇਸ ਰਾਹੀਂ, ਤੁਸੀਂ ਆਪਣੇ ਜੀਵਨ ‘ਚ ਇੱਕ ਕਿਸਮ ਦੇ ਜਾਦੂ ਦੇ ਅੰਸ਼ਾਂ ਨੂੰ ਦਾਖ਼ਲ ਹੋਣ ਦਾ ਨਿਮੰਤਰਣ ਦੇ ਸਕਦੇ ਹੋ। ਚੇਤੇ ਰੱਖਿਓ, ਜਿਹੜੀਆਂ ਵੀ ਚੋਣਾਂ ਤੁਸੀਂ ਕਰੋਗੇ, ਜਦੋਂ ਵੀ ਤੁਸੀਂ ਉਨ੍ਹਾਂ ਬਾਰੇ ਇਹ ਸੋਚਣ ਲੱਗ ਪਏ ਕਿ ਤੁਹਾਨੂੰ ਸਭ ਪਤੈ ਕਿ ਹੋ ਕੀ ਰਿਹੈ ਤਾਂ ਤੁਸੀਂ ਇੱਕ ਸ਼ਾਨਦਾਰ ਅਚੰਭੇ ਲਈ ਦਰਵਾਜ਼ਾ ਬੰਦ ਕਰ ਰਹੇ ਹੋਵੋਗੇ।














