ਸ਼ੋਏਬ ਅਖ਼ਤਰ ਦਾ ਖ਼ੁਲਾਸਾ: ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਔਫ਼ਰ ਹੋਈ ਸੀ ਡਰੱਗਜ਼

Image Courtesy :jagbani(punjabkesari)

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਹਾਲ ਹੀ ਵਿੱਚ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪੇਸ ਵਧਾਉਣ ਲਈ ਡਰੱਗਜ਼ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਸੀ, ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਉਸ ਨੇ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਿਸ ਨੇ ਉਸ ਨੂੰ ਡਰੱਗਜ਼ ਲੈਣ ਲਈ ਕਿਹਾ ਸੀ।
ਸ਼ੋਏਬ ਅਖ਼ਤਰ ਨੇ ਐਂਟੀ ਨਾਰਕੋਟਿਕਸ ਫ਼ੋਰਸ ਦੀ ਸਾਲਾਨਾ ਡਰੱਗ ਬਰਨਿੰਗ ਸੈਰੇਮਨੀ ਵਿੱਚ ਕਿਹਾ, ”ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਓਦੋਂ ਮੈਂ ਬਹੁਤ ਤੇਜ਼ ਗੇਂਦ ਨਹੀਂ ਕਰਵਾ ਸਕਦਾ ਸੀ। ਮੈਨੂੰ ਬੋਲਿਆ ਗਿਆ ਕਿ 100 ਕਿਲੋਮੀਟਰ ਪ੍ਰਤੀਘੰਟਾ ਦੀ ਚੰਗੀ ਸਪੀਡ ਨੂੰ ਹਾਸਿਲ ਕਰਨ ਲਈ ਮੈਨੂੰ ਡਰੱਗਜ਼ ਲੈਣਾ ਪਵੇਗਾ, ਪਰ ਮੈਂ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ।” ਉਸ ਨੇ ਅੱਗੇ ਕਿਹਾ, ”ਇਸੇ ਤਰ੍ਹਾਂ ਪਾਕਿਸਤਾਨੀ ਪੇਸਰ ਮੁਹੰਮਦ ਆਮਿਰ ਨੂੰ ਇੰਗਲੈਂਡ ਦੌਰੇ ਤੋਂ ਪਹਿਲਾਂ ਚਿਤਾਵਨੀ ਦਿੱਤੀ ਗਈ ਸੀ, ਪਰ ਉਹ ਬੁਰੀ ਸੰਗਤ ਵਿੱਚ ਫ਼ੱਸ ਗਿਆ ਸੀ। 18 ਸਾਲ ਦੀ ਉਮਰ ਵਿੱਚ 2009 T-20 ਵਰਲਡ ਕੱਪ ਵਿੱਚ ਡੈਬਿਊ ਕਰਨ ਵਾਲੇ ਮੁਹੰਮਦ ਆਮਿਰ ‘ਤੇ ਮੈਚ ਫ਼ਿਕਸਿੰਗ ਮਾਮਲੇ ਵਿੱਚ ਪੰਜ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ। ਮੁਹੰਮਦ ਆਸਿਫ਼ ਅਤੇ ਸਲਮਾਮ ਬੱਟ ਨਾਲ ਉਸ ‘ਤੇ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਪੰਜ ਸਾਲ ਦੀ ਪਾਬੰਦੀ ਲਗਾਈ ਗਈ ਸੀ ਅਤੇ ਨਾਲ ਹੀ ਇੰਗਲੈਂਡ ਵਿੱਚ ਜੇਲ੍ਹ ਦੀ ਸਜ਼ਾ ਵੀ ਹੋਈ ਸੀ। ਹਾਲਾਂਕਿ ਮੁਹੰਮਦ ਆਮਿਰ ਪਾਕਿਸਤਾਨ ਲਈ ਇੰਟਰਨੈਸ਼ਨਲ ਕ੍ਰਿਕਟ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ, ਪਰ ਆਸਿਫ਼ ਅਤੇ ਬੱਟ ਦਾ ਕਰੀਅਰ ਖ਼ਤਮ ਹੋ ਗਿਆ।