
ਕੈਨਬਰਾ – ਆਸਟਰੇਲੀਆਈ ਟੀਮ ਦੇ ਖੱਬੇ ਹੱਥ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਭਾਰਤ ਵਿਰੁੱਧ ਪਿਛਲੀ 2018-19 ਵਿੱਚ ਹੋਈ ਟੈੱਸਟ ਸੀਰੀਜ਼ ਦੀ ਹਾਰ ਤੋਂ ਸਬਕ ਲੈਂਦੇ ਹੋਏ ਕਿਹਾ ਕਿ ਆਸਟਰੇਲੀਆਈ ਖਿਡਾਰੀ ਇਸ ਵਾਰ ਭਾਰਤੀ ਖਿਡਾਰੀਆਂ ਦੇ ਨਾਲ ਜ਼ੁਬਾਨੀ ਜੰਗ ਵਿੱਚ ਨਹੀਂ ਉਲਝਣਗੇ ਅਤੇ ਭਾਵਨਾਵਾਂ ਨੂੰ ਕੰਟਰੋਲ ਵਿੱਚ ਰੱਖਣਗੇ।
ਭਾਰਤ ਅਤੇ ਆਸਟਰੇਲੀਆ ਦੇ ਖਿਡਾਰੀਆਂ ਵਿਚਾਲੇ ਪਿਛਲੇ ਸਾਲ ਟੈੱਸਟ ਸੀਰੀਜ਼ ਦੌਰਾਨ ਕਾਫ਼ੀ ਸਾਰੇ ਖਿਡਾਰੀਆਂ ਵਿਚਾਲੇ ਜ਼ੁਬਾਨੀ ਜੰਗ ਦੇਖੀ ਗਈ ਸੀ ਜਿਸ ਵਿੱਚ ਆਸਟਰੇਲੀਆਈ ਟੈੱਸਟ ਟੀਮ ਦੇ ਕਪਤਾਨ ਟਿਮ ਪੇਨ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵਿਚਾਲੇ ਝੜਪ ਦੀ ਕਾਫ਼ੀ ਚਰਚਾ ਵੀ ਹੋਈ ਸੀ। ਭਾਰਤ ਨੇ ਇਹ ਟੈੱਸਟ ਸੀਰੀਜ਼ 2-1 ਨਾਲ ਜਿੱਤ ਲਈ ਸੀ ਜਿਸ ਤੋਂ ਬਾਅਦ ਆਸਟਰੇਲੀਆ ਦੇ ਕਈ ਸਾਬਕਾ ਖਿਡਾਰੀਆਂ ਨੇ ਟੀਮ ਨੂੰ ਭਾਰਤੀ ਖਿਡਾਰੀਆਂ ਅਤੇ ਵਿਸ਼ੇਸ਼ ਤੌਰ ‘ਤੇ ਵਿਰਾਟ ਦੇ ਨਾਲ ਜ਼ੁਬਾਨੀ ਜੰਗ ਵਿੱਚ ਨਾ ਉਲਝਣ ਦੀ ਸਲਾਹ ਦਿੱਤੀ ਸੀ।
ਵਾਰਨਰ ਨੇ ਹਾਲਾਂਕਿ ਇਹ ਵੀ ਸੰਕੇਤ ਦਿੰਦੇ ਹੋਏ ਕਿਹਾ ਕਿ ਜਦੋਂ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਪਹਿਲੇ ਟੈੱਸਟ ਮੁਕਾਬਲੇ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਵਤਨ ਪਰਤੇਗਾ ਅਤੇ ਉਸ ਦੀ ਗ਼ੈਰ-ਹਾਜ਼ਰੀ ਵਿੱਚ ਅਜਿੰਕਯ ਰਹਾਨੇ ਕਪਤਾਨ ਬਣੇਗਾ ਤਦ ਸ਼ਾਇਦ ਆਸਟਰੇਲੀਆਈ ਟੀਮ ਜ਼ੁਬਾਨੀ ਜੰਗ ਵਾਲੀ ਰਣਨੀਤੀ ਅਪਨਾ ਸਕਦੀ ਹੈ।
ਵਾਰਨਰ ਨੇ ਕਿਹਾ, ”ਮੇਰੇ ਲਈ ਨਿੱਜੀ ਤੌਰ ‘ਤੇ ਇਹ ਸੀਰੀਜ਼ ਚੰਗਾ ਪ੍ਰਦਰਸ਼ਨ ਕਰਨ ਬਾਰੇ ਹੈ। ਪਿਛਲੇ ਸਾਲ ਗਰਮੀਆਂ ਵਿੱਚ ਜਦੋਂ ਮੈਂ ਇੰਗਲੈਂਡ ਦੇ ਦੌਰੇ ਤੋਂ ਬਾਅਦ ਆਇਆ ਸੀ ਤਾਂ ਬਹੁਤ ਨਿਰਾਸ਼ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਆਪਣੀ ਖੇਡ ‘ਤੇ ਕੇਂਦ੍ਰਿਤ ਕਰਨਾ ਚਾਹੁੰਦਾ ਸੀ। ਮੈਂ ਵੱਖਰਾ ਤਰੀਕਾ ਅਪਨਾਇਆ ਅਤੇ ਉਸ ਵਿੱਚ ਸਫ਼ਲ ਰਿਹਾ ਅਤੇ ਇਸ ਵਾਰ ਮੇਰੇ ਲਈ ਆਪਣੀ ਲੈਅ ਨੂੰ ਵਾਪਿਸ ਹਾਸਿਲ ਕਰਨਾ ਪਹਿਲਕਦਮੀ ਹੈ।”












