ਆਪਣੀ ਇਹ ਲਿਖਤ ਸ਼ੁਰੂ ਕਰਨ ਤੋਂ ਪਹਿਲਾਂ, ਇਨ੍ਹਾਂ ਅਸਾਧਾਰਣ ਸਮਿਆਂ ‘ਚ, ਮੈਂ ਤੁਹਾਨੂੰ ਇੱਕ ਮਹੱਤਵਪੂਰਨ ਜਾਣਕਾਰੀ ਦੇਣਾ ਚਾਹੁੰਦਾਂ। ਜਦੋਂ ਕਿ ਸਾਇੰਸਦਾਨ ਕਦੇ ਹੱਥ ਨਾ ਆਉਂਦੀ ਦਿਖਣ ਵਾਲੀ ਕੋਵਿਡ-19 ਵੈਕਸੀਨ ਲੱਭਣ ਦੇ ਲਾਗੇ ਪਹੁੰਚਦੇ ਜਾ ਰਹੇ ਹਨ, ਵਿਸ਼ਵ ਭਰ ਦੇ ਅਧਿਆਤਮਿਕ ਗੁਰੁ ਅਤੇ ਫ਼ਿਲਾਸਫ਼ਰ ਇੱਕ ਅਹਿਮ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ‘ਚ ਇੱਕ ਵਰਚੂਅਲ ਕਾਨਫ਼ਰੰਸ ਆਯੋਜਿਤ ਕਰ ਰਹੇ ਸਨ: ”ਮਨੁੱਖੀ ਜ਼ਿੰਦਗੀ ਦਾ ਮਕਸਦ ਕੀ ਹੈ?” ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਨਤੀਜੇ ਦਾ ਐਲਾਨ ਕਰ ਦਿੱਤੈ। ”ਅਸੀਂ ਇੱਥੇ ਇਸ ਕਰ ਕੇ ਆਏ ਹਾਂ ਤਾਂ ਕਿ ਅਸੀਂ ਨਿਰੰਤਰ ਇੱਥੇ ਬੈਠ ਕੇ ਇਹੋ ਸੋਚਦੇ ਰਹੀਏ ਕਿ ਆਖ਼ਿਰ ਸਾਨੂੰ ਇਸ ਧਰਤੀ ‘ਤੇ ਕੀ ਕਰਨ ਲਈ ਭੇਜਿਆ ਗਿਆ ਹੈ!” ਮੈਂ ਤਾਂ ਵੈਸੇ ਹੀ ਸੋਚਿਆ ਕਿ ਸ਼ਾਇਦ ਤੁਸੀਂ ਇਹ ਜਾਣਨਾ ਚਾਹੋ। ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਵਧੀਆ ਹੈ ਜਿੰਨਾ ਚਿਰ ਤੁਸੀਂ ਔਖੇ ਸਵਾਲ ਨਹੀਂ ਪੁੱਛਦੇ।
ਮੇਰਾ ਖ਼ਿਆਲ ਹੈ, ਵੇਲਾ ਆ ਚੁੱਕੈ ਕਿ ਤੁਹਾਡੇ ਜੀਵਨ ‘ਚ ਸੂਰਜ ਹੁਣ ਵਧੇਰੇ ਚਮਕ ਕੇ ਚੜ੍ਹੇ। ਮੈਂ ਆਸਮਾਨ ਵਿਚਲੇ ਸੂਰਜ ਦੀ ਗੱਲ ਨਹੀਂ ਕਰ ਰਿਹਾ। ਰੱਬ ਜਾਣਦੈ, ਇਸ ਸੰਸਾਰ ‘ਚ ਅਜਿਹੇ ਬਹੁਤ ਸਾਰੇ ਸੰਤੁਸ਼ਟ ਲੋਕ ਹਨ ਜਿਹੜੇ ਬਹੁਤ ਹੀ ਧੁੰਦਲੇ ਅਤੇ ਨੀਰਸ ਖੇਤਰਾਂ ‘ਚ ਵੱਸਦੇ ਹਨ ਅਤੇ ਕਈ ਅਜਿਹੇ ਵੀ ਮੰਦਭਾਗੇ ਦੁਖੀ ਲੋਕ ਹਨ ਜਿਨ੍ਹਾਂ ਦੇ ਮੱਥੇ ਹਰ ਰੋਜ਼ ਸਵੇਰੇ ਖ਼ੂਬਸੂਰਤ ਨੀਲਾ ਆਸਮਾਨ ਲੱਗਦੈ। ਪਰ ਜਦੋਂ ਅਸੀਂ ਇੰਝ ਮਹਿਸੂਸ ਕਰਨ ਲਗੀਏ ਜਿਵੇਂ ਸਾਡੇ ਦਿਲ ਅੰਦਰਲੀ ਹਰ ਸ਼ੈਅ ‘ਤੇ ਹੀ ਪਰਛਾਵਾਂ ਛਾਇਆ ਹੋਇਐ ਤਾਂ ਫ਼ਿਰ ਕਈ ਵਾਰ ਅਸੀਂ ਕਿਸੇ ਵੀ ਸ਼ੈਅ ਨੂੰ ਆਪਣੇ ਅੰਦਰਲੇ ਨਿਰਾਸ਼ਾ ਦੇ ਕਾਲੇ ਬੱਦਲਾਂ ਨੂੰ ਚੀਰਨ ਦੀ ਇਜਾਜ਼ਤ ਨਹੀਂ ਦਿੰਦੇ। ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾਂ ਕਿ ਤੁਹਾਡਾ ਆਪਣੇ ਅੰਦਰੂਨੀ ਮੌਸਮੀ ਪ੍ਰਬੰਧ ‘ਤੇ ਕੁਝ ਕੰਟਰੋਲ ਜ਼ਰੂਰ ਹੈ। ਕਿਸੇ ਵੀ ਬੱਦਲ ਨੂੰ ਫ਼ੂਕ ਮਾਰ ਕੇ ਪਰ੍ਹਾਂ ਉਡਾਉਣ ਦੀ ਥੋੜ੍ਹੀ ਕੋਸ਼ਿਸ਼ ਕਰੋ ਅਤੇ ਤੁਹਾਡੇ ਸੰਸਾਰ ‘ਚ ਸਭ ਕੁਝ ਚਮਕ ਉੱਠੇਗਾ।
ਜ਼ਿੰਦਗੀ ਕਈ ਵਾਰ ਬਹੁਤ ਜ਼ਿਆਦਾ ਇੱਕ ਲਾਟਰੀ ਦੀ ਟਿਕਟ ਵਾਂਗ ਵਿਹਾਰ ਕਰਨ ਲੱਗ ਪੈਂਦੀ ਹੈ। ਇਸ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ, ਹੁਣੇ ਕਿਸੇ ਵੀ ਪਲ ਅਸੀਂ ਜਿੱਤ ਜਾਣੈ। ਫ਼ਿਰ ਹੁੰਦਾ ਕੁਝ ਵੀ ਨਹੀਂ। ਬਸ ਕਦੇ ਕਦਾਈਂ 10,50 ਜਾਂ 100 ਡਾਲਰ, ਪਰ ਕੁਝ ਵੀ ਵੱਡਾ ਨਹੀਂ। ਇਨ੍ਹਾਂ ਛਿਟਪੁਟ ਜਿੱਤਾਂ ਦੀਆਂ ਯਾਦਾਂ ਅਤੇ ਇਨ੍ਹਾਂ ਦੇ ਦੁਹਰਾਓ ਦੀ ਉਮੀਦ ਸਾਡੇ ਜੀਵਨ ਦੀ ਗੱਡੀ ਨੂੰ ਚੱਲਦਾ ਰੱਖਦੇ ਹਨ। ਲਾਟਰੀ ਨਾਲ ਤੁਸੀਂ ਜਿੱਤਦੇ ਜਾਂ ਹਾਰਦੇ ਹੋ, ਪਰ ਤੁਸੀਂ ਇਸ ਬਾਰੇ ਕਰ ਕੁਝ ਵੀ ਨਹੀਂ ਸਕਦੇ। ਜ਼ਿੰਦਗੀ ਵਿੱਚ, ਪਰ, ਤੁਹਾਡੇ ਕੋਲ ਹਰ ਰੋਜ਼ ਜਿੱਤਣ ਦੀ ਚੋਣ ਮੌਜੂਦ ਰਹਿੰਦੀ ਹੈ। ਸਫ਼ਲਤਾ ਅਤੇ ਅਸਫ਼ਲਤਾ ਦੇ ਖ਼ਿਆਲ ਨੂੰ ਤਿਆਗ ਕੇ, ਜੋ ਕੁਝ ਵੀ ਇਸ ਵਿੱਚੋਂ ਤੁਹਾਨੂੰ ਲੱਭਦੈ ਉਸ ਦੇ ਹਰ ਪਲ ਦੀ ਕਦਰ ਕਰ ਕੇ। ਬਿਨਾ ਕਿਸੇ ਡਰ ਜਾਂ ਹਮਾਇਤ ਦੇ ਆਪਣੇ ਅੰਦਰਲੇ ਪਿਆਰ ਨੂੰ ਬਾਹਰ ਨਿਕਲ ਕੇ ਚਮਕਣ ਦਿਓ, ਅਤੇ ਤੁਸੀਂ ਸਹੀ ਮਾਅਨੇ ‘ਚ ਜੇਤੂ ਹੋਵੋਗੇ।
ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦੈ ਕਿ ਕੋਈ ਸ਼ੈਅ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਰੋਕ ਕੇ ਰੱਖਣ ਲਈ ਮਜਬੂਰ ਕਰ ਰਹੀ ਹੈ? ਕਿਹੜੀ ਅਣਚਨ ਰੋਕ ਰਹੀ ਹੈ ਤੁਹਾਨੂੰ? ਉਹ ਤੁਹਾਨੂੰ ਕਿਉਂ ਰੋਕ ਰਹੀ ਹੈ? ਕੀ ਉਸ ਨੂੰ ਤੁਹਾਨੂੰ ਇੰਝ ਰੋਕਣਾ ਚਾਹੀਦੈ? ਕੀ ਉਸ ਪ੍ਰਤੱਖ ਰੁਕਾਵਟ ਦੇ ਉੱਤੋਂ, ਹੇਠੋਂ, ਦੁਆਲਿਓਂ ਜਾਂ ਰਾਹੀਂ ਲੰਘਣਾ ਸੰਭਵ ਨਹੀਂ? ਤੁਹਾਨੂੰ ਕਿਵੇਂ ਪਤਾ? ਕੀ ਤੁਸੀਂ ਸੱਚਮੁੱਚ ਕੋਸ਼ਿਸ਼ ਕਰ ਕੇ ਦੇਖੀ ਹੈ? ਆਖ਼ਰੀ ਵਾਰ ਜਦੋਂ ਤੁਸੀਂ ਕੋਸ਼ਿਸ਼ ਕੀਤੀ ਸੀ ਤਾਂ ਸ਼ਾਇਦ ਉਸ ਵਕਤ ਹਾਲਾਤ ਥੋੜ੍ਹੇ ਜਿਹੇ, ਪਰ ਮਹੱਤਵਪੂਰਣ ਰੂਪ ‘ਚ, ਵੱਖਰੇ ਹੋਣ। ਸ਼ਾਇਦ ਇਸ ਵਾਰ, ਜੇਕਰ ਤੁਸੀਂ ਕੋਸ਼ਿਸ਼ ਕਰ ਕੇ ਦੇਖੋ ਤਾਂ ਤੁਹਾਨੂੰ ਬਿਹਤਰ ਨਤੀਜੇ ਮਿਲ ਜਾਣ। ਜਦੋਂਕਿ ਤੁਹਾਡੀ ਜ਼ਿੰਦਗੀ ਆਖ਼ਿਰਕਾਰ ਰੌਸ਼ਨ ਹੋ ਰਹੀ ਹੈ, ਕਿਸੇ ਨਾਕਾਰਾਤਮਕ ਆਸ ਨੂੰ ਆਪਣੀਆਂ ਅੱਖਾਂ ਇੰਨੀਆਂ ਚੁੰਧਿਆਉਣ ਨਾ ਦਿਓ ਕਿ ਤੁਹਾਨੂੰ ਸਾਕਾਰਾਤਮਕ ਸੰਭਾਵਨਾਵਾਂ ਹੀ ਦਿਖਾਈ ਨਾ ਦੇਣ।
”ਮਹਾਨਤਾ ਤੋਂ ਡਰੋ ਨਾ। ਕੁਝ ਲੋਕ ਮਹਾਨ ਪੈਦਾ ਹੁੰਦੇ ਨੇ, ਕੁਝ ਨੂੰ ਮਹਾਨਤਾ ਪ੍ਰਾਪਤ ਹੁੰਦੀ ਹੈ ਅਤੇ ਕੁਝ ‘ਤੇ ਮਹਾਨਤਾ ਥੋਪ ਦਿੱਤੀ ਜਾਂਦੀ ਹੈ।” ਇਸ ਵਕਤ ਕਿਸੇ ਬਹੁਤ ਹੀ ਮਹੱਤਵਪੂਰਨ ਚੀਜ਼ ਨੂੰ ਤੁਹਾਡੀ ਤਵੱਜੋ ਦੀ ਲੋੜ ਹੈ। ਦਰਅਸਲ, ਉਸ ਨੂੰ ਇਸ ਦੀ ਓਨੀ ਲੋੜ ਨਹੀਂ ਜਿੰਨੀ ਉਹ ਮੰਗ ਕਰ ਰਹੀ ਹੈ। ਤੁਸੀਂ ਵੀ ਇਸ ‘ਚ ਬਹੁਤੀ ਜ਼ਿਆਦਾ ਸ਼ਮੂਲੀਅਤ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਇਸ ਗੱਲ ਦਾ ਭਲੀ ਪ੍ਰਕਾਰ ਗਿਆਨ ਹੈ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ, ਤੁਹਾਨੂੰ ਲੰਬੇ ਅਰਸੇ ਲਈ ਲਗਾਤਾਰ ਅਤੇ ਬੇਰੋਕ ਵਚਨਬੱਧਤਾ ਦੇਣੀ ਪੈਣੀ ਹੈ। ਪਰ ਤੁਹਾਨੂੰ ਆਪਣੀ ਇੱਕ ਅਜਿਹੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ ਜਿਸ ਤੋਂ ਤੁਹਾਨੂੰ ਪਾਸਾ ਨਹੀਂ ਵੱਟਣਾ ਚਾਹੀਦਾ। ਜਦੋਂ ਕਿ ਇਹ ਅਹਿਸਾਸ ਤੁਹਾਨੂੰ ਸ਼ੇਕਸਪੀਅਰ ਤਾਂ ਨਹੀਂ ਬਣਾਉਂਦਾ ਜਿਸ ਨੇ ਉਪਰੋਕਤ ਕਥਨ ਲਿਖਿਆ ਸੀ, ਪਰ ਇਹ ਤੁਹਾਨੂੰ ਮਹਾਨ ਜ਼ਰੂਰ ਬਣਾ ਦਿੰਦੈ। ਅਤੇ ਜੇਕਰ ਤੁਸੀਂ ਇਸ ਵਕਤ ਆਪਣੀ ਪੂਰੀ ਵਾਹ ਲਗਾ ਦਿਓ, ਤੁਸੀਂ ਛੇਤੀ ਮਹਾਨ ਮਹਿਸੂਸ ਕਰਨ ਲੱਗੋਗੇ।














