
ਮੈਲਬਰਨ – ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੈੱਲ ਜੌਨਸਨ ਨੇ ਡਿਪ੍ਰੈਸ਼ਨ ਨਾਲ ਆਪਣੇ ਸੰਘਰਸ਼ ‘ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ ਕਿ ਉਹ 2018 ‘ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦੇ ਬਾਵਜੂਦ ਹੁਣ ਵੀ ਆਪਣੀ ਮਾਨਸਿਕ ਸਥਿਤੀ ਨਾਲ ਜੂਝ ਰਿਹੈ। ਜੌਨਸਨ ਨੇ ਚੈਨਲ 7 SAS ਆਸਟਰੇਲੀਆ ਨੂੰ ਕਿਹਾ, ”ਆਪਣੇ ਪੂਰੇ ਕਰੀਅਰ ਦੌਰਾਨ ਮੈਨੂੰ ਡਿਪ੍ਰੈਸ਼ਨ ਨਾਲ ਲੜਨਾ ਪਿਆ ਹੈ। ਮੈਂ ਹੁਣ ਅਸਲ ‘ਚ ਅੱਗੇ ਵੱਧ ਰਿਹਾ ਹਾਂ ਅਤੇ ਕੁੱਝ ਚੀਜ਼ਾਂ ਦੇ ਨਾਲ ਖ਼ੁਦ ਨੂੰ ਸਰਗਰਮ ਰੱਖਣ, ਆਪਣੇ ਦਿਮਾਗ਼ ਨੂੰ ਰੁੱਝਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਉਸ ਨੇ ਦੱਸਿਆ, ”ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਨੂੰ ਇਹ ਜ਼ਿਆਦਾ ਮੁਸ਼ਕਿਲ ਲੱਗਿਆ। ਅਚਾਨਕ ਹੀ ਆਪਣੇ ਕੋਲ ਕਰਨ ਲਈ ਕੁੱਝ ਖ਼ਾਸ ਨਹੀਂ ਸੀ ਹੁੰਦਾ। ਤੁਸੀਂ ਥੋੜਾ ਉਦੇਸ਼ਹੀਨ ਹੋ ਜਾਂਦੇ ਹੋ। ਜੌਨਸਨ ਨੇ ਆਪਣੇ ਕਰੀਅਰ ‘ਚ 73 ਟੈੱਸਟ ਮੈਚਾਂ ‘ਚ 313 ਵਿਕਟਾਂ ਲਈਆਂ। ਉਸ ਨੇ 2015 ‘ਚ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਅਗਲੇ ਤਿੰਨ ਸਾਲਾਂ ਤੱਕ ਇੰਡੀਅਨ ਪ੍ਰੀਮੀਅਰ ਲੀਗ ਅਤੇ ਬਿਗ ਬੈਸ਼ ਲੀਗ ‘ਚ ਖੇਡਦਾ ਰਿਹਾ।
ਜੌਨਸਨ ਨੇ ਕਿਹਾ, ”ਕਈ ਵਾਰ ਮੇਰਾ ਆਤਮਵਿਸ਼ਵਾਸ ਬਹੁਤ ਘੱਟ ਹੋ ਜਾਂਦਾ ਸੀ। ਮੈਂ ਹੁਣ ਉਸ ਬਦਲਾਅ ਦੇ ਦੌਰ ‘ਚ ਹਾਂ ਜਿਥੇ ਮੈਂ ਦੋ ਸਾਲ ਤੋਂ ਕ੍ਰਿਕਟ ਨਹੀਂ ਖੇਡੀ।” ਜਦੋਂ ਜੌਨਸਨ ਨੂੰ ਪੁੱਛਿਆ ਗਿਆ ਕਿ ਕੀ ਸੰਨਿਆਸ ਤੋਂ ਬਾਅਦ ਦੀ ਸਥਿਤੀ ਜ਼ਿਆਦਾ ਮੁਸ਼ਕਿਲ ਹੈ ਤਾਂ ਉਸ ਨੇ ਕਿਹਾ, ”ਹਾਂ ਕਈ ਵਾਰ ਮੈਨੂੰ ਅਜਿਹਾ ਲੱਗਿਆ। ਮੈਨੂੰ ਲੱਗਿਆ ਕਿ ਮੈਂ ਤਣਾਅ ਗ੍ਰਸਤ ਹੋ ਗਿਆ ਹਾਂ, ਪਰ ਮੇਰਾ ਮੰਨਣਾ ਹੈ ਕਿ ਨੌਜਵਾਨ ਅਵਸਥਾ ਤੋਂ ਹੀ ਡਿਪ੍ਰੈੱਸ਼ਨ ਮੇਰੇ ਨਾਲ ਜੁੜਿਆ ਹੋਇਆ ਹੈ।”