
ਨਵੀਂ ਦਿੱਲੀ – ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ਸ਼ਹਿਰ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਲ ਦਾ ਦੌਰਾ ਪੈਣ ‘ਤੇ ਦੋ ਦਿਨ ਪਹਿਲਾਂ ਉਸ ਦੀ ਐਂਜੀਓਪਲਾਸਟੀ ਹੋਈ ਸੀ। 61 ਸਾਲਾ ਸਾਬਕਾ ਆਲਰਾਊਂਡਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਫ਼ੋਰਟਿਸ ਐਸਕੋਰਟਸ ਹਾਰਟ ਇਨਸਟੀਚਿਊਟ ਦੇ ਐਮਰਜੈਂਸੀ ਵਿਭਾਗ ਵਿੱਚ ਭਰਤੀ ਕਰਾਇਆ ਗਿਆ ਸੀ। ਹੁਣ ਉਹ ਤੰਦਰੁਸਤ ਹਨ।
ਹਸਪਤਾਲ ਨੇ ਬਿਆਨ ਵਿੱਚ ਕਿਹਾ, ”ਕਪਿਲ ਦੇਵ ਨੂੰ ਅੱਜ ਦੁਪਹਿਰ ਬਾਅਦ ਛੁੱਟੀ ਦੇ ਦਿੱਤੀ ਗਈ। ਉਹ ਬਿਹਤਰ ਹਾਲਤ ਵਿੱਚ ਹਨ ਅਤੇ ਜਲਦ ਹੀ ਆਪਣੀ ਦੈਨਿਕ ਗਤੀਵਿਧੀ ਸ਼ੁਰੂ ਕਰ ਸਕਦੇ ਹੈ।” ਉਹ ਡਾ. ਅਤੁਲ ਮਾਥੁਰ ਤੋਂ ਲਗਾਤਾਰ ਸਲਾਹ ਲੈਂਦੇ ਰਹਿਣਗੇ। ਐਂਜੀਓਪਲਾਸਟੀ ਬਲੌਕਡ ਹੋਈਆਂ ਨਾੜੀਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਹੈ ਤਾਂ ਕਿ ਦਿਲ ਵਿੱਚ ਸਾਧਾਰਨ ਖ਼ੂਨ ਸੰਚਾਰ ਹੋ ਸਕੇ। ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਕਪਿਲ ਦੀ ਸਥਿਤੀ ਦੀ ਜਾਂਚ ਕੀਤੀ ਗਈ ਅਤੇ ਹਸਪਤਾਲ ਦੇ ਦਿਲ ਰੋਗ ਵਿਭਾਗ ਦੇ ਨਿਰਦੇਸ਼ਕ ਡਾ. ਮਾਥੁਰ ਨੇ ਉਨ੍ਹਾਂ ਦੀ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਕੀਤੀ। ਕਪਿਲ ਦੇਵ ਦੇ ਸਾਥੀ ਚੇਤਨ ਸ਼ਰਮਾ ਨੇ ਕਪਿਲ ਅਤੇ ਡਾ. ਮਾਥੁਰ ਦੀ ਤਸਵੀਰ ਨਾਲ ਟਵੀਟ ਕੀਤਾ, ”ਡਾ. ਅਤੁਲ ਮਾਥੁਰ ਨੇ ਕਪਿਲ ਪਾਜੀ ਦੀ ਐਂਜੀਓਪਲਾਸਟੀ ਕੀਤੀ। ਉਹ ਹੁਣ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਤਸਵੀਰ ਹਸਪਤਾਲ ਤੋਂ ਛੁੱਟੀ ਮਿਲਣ ਦੇ ਸਮੇਂ ਦੀ ਹੈ।”
ਸੋਸ਼ਲ ਮੀਡੀਆ ‘ਤੇ ਕਾਫ਼ੀ ਲੋਕਾਂ ਨੇ 1983 ਵਿਸ਼ਵ ਜੇਤੂ ਮਹਾਨ ਆਲਰਾਊਂਡਰ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਸੀ। ਇਨ੍ਹਾਂ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਸਮੇਤ ਹੋਰ ਖਿਡਾਰੀ ਸ਼ਾਮਿਲ ਸਨ। ਭਾਰਤ ਦੇ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਕਪਿਲ ਨੇ 131 ਟੈੱਸਟ ਅਤੇ 225 ਵਨਡੇ ਖੇਡੇ ਹਨ। ਉਹ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਮਾਤਰ ਖਿਡਾਰੀ ਹੈ ਜਿਸ ਨੇ 400 ਤੋਂ ਜ਼ਿਆਦਾ (434) ਵਿਕਟਾਂ ਆਪਣੇ ਨਾਮ ਕਰ ਕੇ ਟੈੱਸਟ ਮੈਚਾਂ ਵਿੱਚ ਪੰਜ ਹਜ਼ਾਰ ਤੋਂ ਜ਼ਿਆਦਾ ਦੌੜਾਂ ਜੁਟਾਈਆਂ। ਉਹ 1999 ਅਤੇ 2000 ਦਰਮਿਆਨ ਭਾਰਤ ਦੇ ਰਾਸ਼ਟਰੀ ਕੋਚ ਵੀ ਰਹਿ ਚੁੱਕੈ। ਕਪਿਲ ਨੂੰ 2010 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਹਾਲ ਔਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।












