ਤੁਸੀਂ ਕਿਸ ਚੀਜ਼ ਲਈ ਜ਼ਿੰਮੇਵਾਰ ਹੋ? ਹੁਣ ਜੇ ਅਸੀਂ ਪੇਚੀਦੇ ਸਵਾਲ ਪੁੱਛਣੇ ਸ਼ੁਰੂ ਕਰ ਹੀ ਦਿੱਤੇ ਨੇ ਤਾਂ ਫ਼ਿਰ ਇਹ ਵੀ ਦੱਸਦੇ ਜਾਓ ਕਿ ਤੁਸੀਂ ਕਿਹੜੇ ਵਿਅਕਤੀਆਂ ਲਈ ਜ਼ਿੰਮੇਵਾਰ ਹੋ? ਤੁਹਾਡੇ ਸਿਰ ਕਿਸ ਚੀਜ਼ ਦਾ ਦੋਸ਼ ਮੜ੍ਹਿਆ ਜਾ ਸਕਦੈ? ਦੇਖਭਾਲ ਕਰਨ ਦੇ ਤੁਹਾਡੇ ਫ਼ਰਜ਼ ਦਾ ਕੀ ਬਣਿਆ? ਜੇ ਤੁਸੀਂ ਨਹੀਂ ਤਾਂ ਫ਼ਿਰ ਉਹ ਹੋਰ ਕੌਣ ਹੈ ਜਿਸ ਤੋਂ ਅਸੀਂ ਵੱਖੋ ਵੱਖਰੀਆਂ ਸ਼ਕਤੀਆਂ ਅਤੇ ਪ੍ਰਭਾਵਾਂ ਤੋਂ ਸਾਡੀ ਰੱਖਿਆ ਕਰਨ ਦੀ ਆਸ ਕਰ ਸਕਦੇ ਹਾਂ? ਤੁਹਾਨੂੰ ਹੁਣ ਇਹ ਫ਼ੈਸਲਾ ਕਰਨ ਦੀ ਲੋੜ ਹੈ ਕਿ ਕਿਸੇ ਹੋਰ ਦੇ ਵਤੀਰੇ ਲਈ ਤੁਹਾਨੂੰ ਜਵਾਬਦੇਹ ਬਣਾਉਣਾ ਕਿਸ ਹੱਦ ਤਕ ਤੁਹਾਡੇ, ਜਾਂ ਕਿਸੇ ਹੋਰ, ਨਾਲ ਨਿਆਂ ਹੈ। ਜੇ ਤੁਹਾਡੇ ਅੰਦਰ ਕਿਸੇ ਗ਼ਲਤ ਸ਼ੈਅ ਨੂੰ ਸਹੀ ਕਰਨ ਦੀ ਤਾਕਤ ਹੈ ਤਾਂ ਫ਼ਿਰ ਇਸ ਗੱਲ ਨੂੰ ਸਵੀਕਾਰੋ ਅਤੇ ਉਸ ਨੂੰ ਬਦਲ ਦਿਓ। ਜੇਕਰ ਤੁਹਾਡੇ ਅੰਦਰ ਨਹੀਂ ਤਾਂ ਫ਼ਿਰ ਉਸ ਬਾਰੇ ਆਪਣੇ ਆਪ ਨੂੰ ਬੁਰਾ ਮਹਿਸੂਸ ਕਰਨ ਦੇਣ ਦਾ ਕੀ ਫ਼ਾਇਦਾ?
ਜੇਕਰ ਤੁਸੀਂ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹਾਦਰ ਬਣਨਾ ਪੈਂਦੈ। ਕਈ ਵਾਰ, ਜਦੋਂ ਤੁਸੀਂ ਚੀਜ਼ਾਂ ਨੂੰ ਗ਼ਲਤ ਹੋਣੋਂ ਰੋਕਣਾ ਲੋਚਦੇ ਹੋਵੋ ਤਾਂ ਇਹ ਫ਼ੈਸਲਾ ਲੈਣਾ ਪੈਂਦੈ ਕਿ ਤੁਹਾਨੂੰ ਕੋਈ ਪਰਵਾਹ ਨਹੀਂ ਜੇ ਉਹ ਖ਼ਰਾਬ ਵੀ ਹੋ ਜਾਣ। ਜਾਂ ਫ਼ਿਰ ਤੁਸੀਂ ਬਹੁਤ ਜ਼ਿਆਦਾ ਘਬਰਾਹਟ ਦਾ ਮੁਜ਼ਾਹਰਾ ਕਰ ਸਕਦੇ ਹੋ। ਤੁਸੀਂ ਬਹੁਤ ਜ਼ਿਆਦਾ ਸਾਵਧਾਨ ਵੀ ਹੋ ਸਕਦੇ ਹੋ। ਪਰ ਜੇ ਤੁਸੀਂ ਪੱਬਾਂ ਭਾਰ ਤੁਰਨ ਦੀ ਕੋਸ਼ਿਸ਼ ਕੀਤੀ, ਜੇ ਤੁਸੀਂ ਲੋੜੋਂ ਵੱਧ ਚੌਕੰਨਾਪਨ ਦਿਖਾਇਆ, ਜਾਂ ਜੇ ਤੁਹਾਡੇ ਹੱਥ ਕੰਬ ਗਏ ਤਾਂ ਤੁਸੀਂ ਉਹੀ ਮੁਸ਼ਕਿਲ ਪੈਦਾ ਕਰ ਬੈਠੋਗੇ ਜਿਸ ਤੋਂ ਤੁਸੀਂ ਬਚਣਾ ਚਾਹੁੰਦੇ ਹੋ। ਕਈ ਵਾਰ, ਤੁਹਾਨੂੰ ਦ੍ਰਿੜ ਅਤੇ ਮਜ਼ਬੂਤ ਬਣਨ ਦੀ ਲੋੜ ਹੁੰਦੀ ਹੈ। ਤੁਹਾਨੂੰ ਇਸ ਗੱਲ ‘ਚ ਯਕੀਨ ਰੱਖਣਾ ਪੈਣੈ ਕਿ ਕੋਈ ਨਾ ਕੋਈ ਚੀਜ਼ ਜ਼ਰੂਰ ਕੰਮ ਕਰੇਗੀ। ਅਤੇ ਜੇ ਕਿਸੇ ਸ਼ੈਅ ‘ਚ ਚੱਲਣ ਦੀ ਸਮਰੱਥਾ ਹੈ ਤਾਂ ਤੁਹਾਡੇ ਅੰਦਰ ਉਸ ਨੂੰ ਵਰਤੋਂ ‘ਚ ਲਿਆਉਣ ਦੀ ਤਾਕਤ ਵੀ ਹੈ। ਆਪਣੇ ਆਪ ‘ਚ ਵਿਸ਼ਵਾਸ ਰੱਖੋ।
ਜ਼ਿੰਦਗੀ ‘ਚ ਅਕਸਰ, ਅਸੀਂ ਉਨ੍ਹਾਂ ਚੀਜ਼ਾਂ ਨੂੰ ਕਰਨ ਦਾ ਹੌਸਲਾ ਛੱਡ ਦਿੰਦੇ ਹਾਂ ਜਿਹੜੀਆਂ ਕੇਵਲ ਥੋੜ੍ਹੀ ਜਿੰਨੀ ਹੋਰ ਕੋਸ਼ਿਸ਼, ਥੋੜ੍ਹੀ ਜਿੰਨੀ ਹੋਰ ਜ਼ਿਦ ਨਾਲ ਸਫ਼ਲ ਹੋ ਸਕਦੀਆਂ ਸਨ। ਆਮਤੌਰ ‘ਤੇ ਜਦੋਂ ਅਸੀਂ ਕਿਸੇ ਸ਼ੈਅ ਜਾਂ ਵਿਅਕਤੀ ਨੂੰ ਲੈ ਕੇ ਹੌਸਲਾ ਹਾਰਨ ਵਾਲੇ ਹੁੰਦੇ ਹਾਂ, ਉਹੀ ਉਹ ਵੇਲਾ ਹੁੰਦਾ ਹੈ ਜਦੋਂ ਸਾਨੂੰ ਸਫ਼ਲਤਾ ਨਸੀਬ ਹੋਣ ਵਾਲੀ ਹੁੰਦੀ ਹੈ। ਇੱਥੇ ਇਹ ਸੱਚਾਈ ਵੀ ਸਵੀਕਾਰ ਕਰਨੀ ਪੈਣੀ ਹੈ ਕਿ ਅਕਸਰ, ਹੀ, ਅਸੀਂ ਉਨ੍ਹਾਂ ਵਚਨਬੱਧਤਾਵਾਂ ‘ਤੇ ਡੱਟੇ ਰਹਿੰਦੇ ਹਾਂ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਸਾਨੂੰ ਬਹੁਤ ਪਹਿਲਾਂ ਛੱਡ ਦੇਣੀ ਚਾਹੀਦੀ ਸੀ। ਪਰ ਇਹ ਨਤੀਜਾ ਕੱਢਣ ਦਾ ਇੱਕ ਸੌਖਾ ਤਰੀਕਾ ਵੀ ਹੈ ਕਿ ਤੁਸੀਂ ਕਿਸੇ ਪੱਥਰ ਦੀ ਦੀਵਾਰ ‘ਚ ਬੇਵਜਾਹ ਆਪਣਾ ਸਿਰ ਮਾਰ ਰਹੇ ਹੋ ਜਾਂ ਫ਼ਿਰ ਕਿਸੇ ਅਜਿਹੇ ਕਿਲ੍ਹੇ ਦੀ ਘੇਰਾਬੰਦੀ ਕਰ ਰਹੇ ਹੋ ਜਿਹੜਾ ਸਰੰਡਰ ਕਰਨ ਦੇ ਕੰਢੇ ‘ਤੇ ਹੈ। ਥੋੜ੍ਹਾ ਜਿਹਾ ਰੁੱਕ ਜਾਓ। ਫ਼ਿਰ ਦੇਖੋ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਇਹ ਵੀ ਦੇਖੋ ਕਿ ਹੁੰਦਾ ਕੀ ਹੈ। ਕੁੱਝ ਚਿਰ ਲਈ ਕਿਸੇ ਨੂੰ ਜਾਣ ਦੇਣ ਨਾਲ ਤੁਹਾਡੇ ਦਿਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ।
ਅਸੀਂ ਸਾਰੇ ਸੌਖਾ ਜੀਵਨ ਚਾਹੁੰਦੇ ਹਾਂ। ਅਸੀਂ ਸਾਰੇ ਅਮਨ ਅਤੇ ਸ਼ਾਂਤੀ ਚਾਹੁੰਦੇ ਹਾਂ। ਅਸੀਂ ਸਾਰੇ ਪਿਆਰ ਅਤੇ ਸੁੱਖ-ਸਾਧਨ ਚਾਹੁੰਦੇ ਹਾਂ। ਫ਼ਿਰ ਕੀ ਇਸੇ ਲਈ ਅਸੀਂ ਇੰਨੀਆਂ ਸਾਰੀਆਂ ਚੁਣੌਤੀਆਂ ਸਾਹਮਣੇ ਡੱਟ ਜਾਂਦੇ ਹਾਂ? ਕੀ ਇਸੇ ਲਈ ਅਸੀਂ ਉਨ੍ਹਾਂ ਕਾਰਜਾਂ ਵੱਲ ਆਕਰਸ਼ਿਤ ਹੁੰਦੇ ਹਾਂ ਜਿਹੜੇ ਸਾਨੂੰ ਸਿਰਫ਼ ਮੁਸੀਬਤ ‘ਚ ਹੀ ਫ਼ਸਾ ਸਕਦੇ ਨੇ, ਅਤੇ ਕੀ ਇਸੇ ਲਈ ਅਸੀਂ ਉਨ੍ਹਾਂ ਲੋਕਾਂ ਨਾਲ ਰਿਸ਼ਤੇ ਬਣਾਉਂਦੇ ਹਾਂ ਜਿਨ੍ਹਾਂ ਦੇ ਮਿਜਾਜ਼ ਨਾਟਕੀ ਹੱਦ ਤਕ ਸਾਡੇ ਤੋਂ ਵੱਖਰੇ ਹੁੰਦੇ ਨੇ? ਤੁਹਾਨੂੰ ਪਤਾ ਹੀ ਹੈ ਕਿ ਕਿਸੇ ਤਨਾਅ ‘ਚੋਂ ਬਾਹਰ ਕਿਵੇਂ ਨਿਕਲਣੈ। ਤੁਹਾਨੂੰ ਇਹ ਵੀ ਪਤੈ ਕਿ ਕੀ ਕਰਨਾ ਚਾਹੀਦੈ ਅਤੇ ਕੀ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਇਹ ਸਭ ਪਤਾ ਹੈ ਤਾਂ ਫ਼ਿਰ ਤੁਸੀਂ ਉਨ੍ਹਾਂ ਨੂੰ ਅਣਗੌਲਿਆ ਕਿਉਂ ਕਰ ਰਹੇ ਹੋ? ਕਿਉਂਕਿ ਕੁੱਝ ਚੀਜ਼ਾਂ ਅਜਿਹੀਆਂ ਹਨ ਜਿਹੜੀਆਂ ਤੁਹਾਡੇ ਲਈ ਸਹੂਲਤ ਤੋਂ ਕਿਤੇ ਵੱਧ ਕੀਮਤੀ ਹਨ। ਜਿਵੇਂ, ਉਦਾਹਰਣ ਦੇ ਤੌਰ ‘ਤੇ, ਇਹ ਜਾਣ ਲੈਣਾ ਕਿ ਤੁਸੀਂ ਜੋ ਕਰ ਰਹੇ ਹੋ, ਸਹੀ ਕਰ ਰਹੇ ਹੋ!
ਜਿਵੇਂ ਕਿ ਉੱਚੇ ਮਿਆਰ ਰੱਖਣ ਵਾਲਿਆਂ ਨਾਲ ਹੁੰਦਾ ਹੀ ਹੈ, ਤੁਹਾਡਾ ਮੰਨਣਾ ਹੈ ਕਿ ਜੇ ਕੋਈ ਕਾਰਜ ਕੀਤੇ ਜਾਣ ਦੇ ਕਾਬਿਲ ਹੈ ਤਾਂ ਉਸ ਨੂੰ ਬਿਹਤਰੀਨ ਢੰਗ ਨਾਲ ਹੀ ਕੀਤਾ ਜਾਣਾ ਬਣਦਾ ਹੈ। ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਉਸ ਕੰਮ ਨੂੰ ਕਿਸੇ ਖ਼ਾਸ ਹੀ ਅੰਦਾਜ਼ ਵਿੱਚ ਕੀਤਾ ਜਾਣਾ ਚਾਹੀਦੈ। ਸਭ ਤੋਂ ਸਮਝਦਾਰ ਚਾਲਾਂ ਉਹ ਹੁੰਦੀਆਂ ਨੇ ਜਿਹੜੀਆਂ ਨਿਹਾਇਤ ਹੀ ਖ਼ਾਮੋਸ਼ ਸਵੈ-ਵਿਸ਼ਵਾਸ ਨਾਲ ਚੱਲੀਆਂ ਜਾਣ। ਨਾਟਕਾਂ ਅਤੇ ਰੌਲੇ ਨਾਲੋਂ ਸਿਆਣੀ ਘੱਟ-ਬਿਆਨੀ ਕਿਤੇ ਵੱਧ ਪ੍ਰਭਾਵਸ਼ਾਲੀ ਹੰਦੀ ਹੈ। ਇਸ ਵੇਲੇ ਤੁਹਾਨੂੰ ਕੋਈ ਸ਼ੈਅ ਆਪਣੀ ਪੂਰੀ ਕਾਬਲੀਅਤ ਅਨੁਸਾਰ ਕਰਨ ਦਾ ਮੌਕਾ ਮਿਲ ਰਿਹੈ। ਇਸ ਨੂੰ ਕਰਨ ‘ਚ ਆਪਣੀ ਪੂਰੀ ਵਾਹ ਲਗਾ ਦਿਓ, ਅਤੇ ਬਦਲੇ ‘ਚ ਇਹ ਤੁਹਾਨੂੰ ਸਦੀਵੀ ਭਰੋਸੇ ਦੀ ਭਾਵਨਾ ਨਾਲ ਭਰ ਜਾਵੇਗੀ।














